ਮੱਲਾਂਵਾਲਾ, 2 ਮਈ (ਬਲਬੀਰ ਸਿੰਘ ਜੋਸਨ)-ਸੇਵੀਅਰ ਸਿੰਘ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡਾ. ਐਸ.ਪੀ ਸਿੰਘ ਉਬਰਾਏ ਦੀ ਰਹਿਨੁਮਾਈ ਹੇਠ ਮੱਲਾਂਵਾਲਾ ਵਿਖੇ ਕਰਵਾਏ ਗਏ | ਇਕ ਸਾਦੇ ਸਮਾਗਮ ਦੌਰਾਨ ਮੱਲਾਂਵਾਲਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਦੀ ਅਗਵਾਈ ਵਿਚ ਮੱਲਾਂਵਾਲਾ ਇਲਾਕੇ ਨਾਲ ਸਬੰਧਿਤ ਅੰਗਹੀਣਾਂ ਅਤੇ ਦਿਮਾਗ਼ੀ ਤੌਰ 'ਤੇ ਬਿਮਾਰ ਵਿਅਕਤੀਆਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਮਹੀਨਾਵਾਰ ਚੈੱਕ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ ਅਤੇ ਮਹਾਂਵੀਰ ਸਿੰਘ ਵੱਲੋਂ ਵੰਡੇ ਗਏ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵਲੋਂ ਦੱਸਿਆ ਗਿਆ ਕਿ ਸੰਸਥਾ ਦੇ ਬਾਨੀ ਡਾ. ਓਬਰਾਏ ਵਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਚੱਲ ਰਹੇ ਹਨ | ਜਿਨ੍ਹਾਂ ਵਿਚ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਅੰਗਹੀਣਾਂ, ਦਿਮਾਗ਼ੀ ਤੌਰ ਬਿਮਾਰ ਵਿਅਕਤੀਆਂ ਅਤੇ ਮੈਡੀਕਲ ਸਹਾਇਤਾ ਲਈ ਮਹੀਨਾਵਾਰ ਪੈਨਸ਼ਨਾਂ, ਅੱਖਾਂ ਦੇ ਫ਼ਰੀ ਚੈੱਕਅਪ ਕੈਂਪ, ਬਹੁਤ ਹੀ ਘੱਟ ਰੇਟਾਂ ਤੇ ਲੈਬਾਰਟਰੀਆਂ, ਫਿਜ਼ਿਉਥਰੈਪੀ ਸੈਂਟਰ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਮੈਡੀਕਲ ਸਹਾਇਤਾ, ਕਈ ਤਰ੍ਹਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ ਸਕੂਲਾਂ ਅਤੇ ਜਨਤਕ ਸਥਾਨਾਂ ਤੇ ਸਾਫ਼ ਪਾਣੀ ਵਾਲੇ ਆਰ.ਓ ਲਗਾਏ ਜਾਂਦੇ ਹਨ |