ਅਬੋਹਰ, 2 ਮਈ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ ਹਰੀਪੁਰਾ ਦੇ ਵਿਦਿਆਰਥੀਆਂ ਲਈ 'ਫਾਰਮਰਜ਼ ਫਰਸਟ ਪ੍ਰਾਈਵੇਟ ਲਿਮਟਿਡ' ਦਾ ਇਕ ਰੋਜ਼ਾ ਵਿੱਦਿਅਕ ਦੌਰਾ ਆਯੋਜਿਤ ਕੀਤਾ ਗਿਆ | ਪਿ੍ੰਸੀਪਲ ਸੁਖਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਹੋਏ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਇਮਲੀ ਦੀਆਂ ਟਾਫ਼ੀਆਂ ਬਣਾਉਣ ਦੀ ਸਮੁੱਚੀ ਪ੍ਰਕਿਰਿਆ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਕੱਚੇ ਮਾਲ ਦੀ ਪ੍ਰੋਸੈਸਿੰਗ ਤੋਂ ਲੈ ਕੇ ਤਿਆਰ ਉਤਪਾਦ ਦੀ ਪੈਕਿੰਗ, ਭੰਡਾਰਨ, ਸਫ਼ਾਈ ਦੇ ਮਾਪਦੰਡਾਂ, ਕਰਮਚਾਰੀਆਂ ਦੀਆਂ ਜ਼ਿੰਮੇਵਾਰੀਆਂ ਅਤੇ ਗੁਣਵੱਤਾ ਨਿਯੰਤਰਨ ਦੇ ਤਰੀਕਿਆਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਵਿਦਿਆਰਥੀਆਂ ਨਾਲ ਮੈਡਮ ਅਲਕਾ ਛਾਬੜਾ ਅਤੇ ਅਮਨਦੀਪ ਵੀ ਹਾਜ਼ਰ ਸਨ | ਪਿ੍ੰਸੀਪਲ ਸੁਖਦੇਵ ਸਿੰਘ ਨੇ ਕਿਹਾ ਕਿ ਅਜਿਹੇ ਉਦਯੋਗਿਕ ਦੌਰੇ ਬੱਚਿਆਂ ਨੂੰ ਸਿਰਫ਼ ਖਪਤਕਾਰ ਨਹੀਂ ਸਗੋਂ ਸਿਰਜਣਹਾਰ ਬਣਨ ਦੀ ਪ੍ਰੇਰਨਾ ਦਿੰਦੇ ਹਨ ਅਤੇ ਪਾਠਕ੍ਰਮ ਤੋਂ ਬਾਹਰ ਦੀ ਦੁਨੀਆ ਨਾਲ ਜੋੜ ਕੇ ਉਨ੍ਹਾਂ ਵਿਚ ਉਦਮਤਾ, ਕਿਰਤ-ਸਨਮਾਨ ਅਤੇ ਆਤਮ-ਨਿਰਭਰਤਾ ਦੀ ਭਾਵਨਾ ਪੈਦਾ ਕਰਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਵਿਹਾਰਕ ਤਜਰਬੇ ਬੱਚਿਆਂ ਦੀ ਸੋਚ ਨੂੰ ਵਿਸ਼ਾਲ ਕਰਦੇ ਹਨ ਅਤੇ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਕਰਦੇ ਹਨ | ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਦਾਨੇਵਾਲੀਆ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਹਰ ਖੇਤਰ ਲਈ ਕਾਬਲ ਬਣਾਉਣਾ ਹੈ ਅਤੇ ਅਜਿਹੇ ਦੌਰੇ 'ਸਕਿੱਲ ਇੰਡੀਆ' ਅਤੇ 'ਆਤਮ-ਨਿਰਭਰ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਸਾਰਥਿਕ ਕਦਮ ਹਨ | ਅੰਤ ਵਿਚ ਵਿਦਿਆਰਥੀਆਂ ਨੇ ਕੰਪਨੀ ਪ੍ਰਬੰਧਨ ਦਾ ਧੰਨਵਾਦ ਕੀਤਾ |