ਖੋਸਾ ਦਲ ਸਿੰਘ, 3 ਮਈ (ਮਨਪ੍ਰੀਤ ਸਿੰਘ ਸੰਧੂ)-ਮੰਡੀ ਚੁੱਘੇ ਵਾਲਾ ਦੇ ਇਕ ਕਮਿਸ਼ਨ ਏਜੰਟ ਮਹਿੰਦਰ ਸਿੰਘ ਵਿਰਕ ਮੈਸ. ਜਗੀਰ ਸਿੰਘ ਐਂਡ ਸੰਨਜ਼ ਵਲੋਂ ਪਨਗ੍ਰੇਨ ਦੇ ਇੰਸਪੈਕਟਰ ਦੀਪਕ ਮਿੱਤਲ ਵਿਰੁੱਧ ਭਿ੍ਸ਼ਟਾਚਾਰ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਨੂੰ ਸ਼ਿਕਾਇਤ ਭੇਜੀ ਗਈ ਹੈ | ਸ਼ਿਕਾਇਤਕਰਤਾ ਅਨੁਸਾਰ ਇੰਸਪੈਕਟਰ ਦੀਪਕ ਮਿੱਤਲ ਮੰਡੀ ਵਿਚ ਆਉਣ ਵਾਲੀ ਕਣਕ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਸ਼ੈਲਰਾਂ ਵਿਚ ਲਗਵਾ ਰਿਹਾ ਹੈ | ਇਸ ਸਬੰਧੀ ਪਿੰਡ ਮੀਂਹਾ ਸਿੰਘ ਵਾਲਾ ਵਿਖੇ ਬੁਲਾਈ ਗਈ ਪੈੱ੍ਰਸ ਕਾਨਫ਼ਰੰਸ ਵਿਚ ਦਰਸ਼ਨ ਸਿੰਘ ਭਾਕਿਯੂ ਕਾਦੀਆਂ ਪੰਜਾਬ ਆਗੂ, ਪ੍ਰੀਤਮ ਸਿੰਘ ਮੀਂਹਾ ਸਿੰਘ ਵਾਲਾ ਮੀਤ ਪ੍ਰਧਾਨ ਫਿਰੋਜ਼ਪੁਰ, ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ, ਆਕਾਸ਼ਦੀਪ ਸਿੰਘ ਅਲੀਪੁਰ, ਮਨਪ੍ਰੀਤ ਸਿੰਘ ਫੱਤੇਵਾਲਾ, ਸਰਵਣ ਸਿੰਘ ਅਲੀਪੁਰ, ਸੁਖਵਿੰਦਰ ਸਿੰਘ ਡੱਡੂਲ, ਜ਼ਿਲ੍ਹਾ ਪ੍ਰਧਾਨ ਹਰਕਮਲ ਸਿੰਘ ਅਲੀਪੁਰ, ਤਰਸੇਮ ਸਿੰਘ ਫੱਤੇਵਾਲਾ, ਗੁਰਨਾਮ ਸਿੰਘ ਮੀਤ ਜ਼ਿਲ੍ਹਾ ਪ੍ਰਧਾਨ, ਭੁਪਿੰਦਰ ਸਿੰਘ ਕੁਮਾਰ ਬਲਾਕ ਪ੍ਰਧਾਨ, ਭਗਵੰਤ ਸਿੰਘ ਮੀਤ ਸਿੰਘ ਵਾਲਾ, ਗੁਰਸਾਹਿਬ ਸਿੰਘ ਅਲੀਪੁਰ, ਹਰਮਨ ਸਿੰਘ ਅਲੀਪੁਰ, ਰਣਜੀਤ ਸਿੰਘ ਮਹੀਂਆਂ ਸਿੰਘ ਵਾਲਾ ਆਦਿ ਨੇ ਕਿਹਾ ਕਿ ਮੰਡੀ ਤੋਂ ਕਰੀਬ 30 ਕਿੱਲੋਮੀਟਰ ਦੂਰ ਪਿੰਡ ਭਾਗੋ ਕੇ ਵਿਚ ਸਥਿਤ ਹਨ | ਉਨ੍ਹਾਂ ਦੋਸ਼ ਲਾਇਆ ਗਿਆ ਹੈ ਕਿ ਰਸਤੇ ਵਿਚ ਕਈ ਹੋਰ ਸਰਕਾਰੀ ਸ਼ੈਲਰ ਹੋਣ ਦੇ ਬਾਵਜੂਦ ਮਾਲ ਇੰਨੀ ਦੂਰ ਸਿਰਫ਼ ਨਿੱਜੀ ਫ਼ਾਇਦੇ ਲਈ ਭੇਜਿਆ ਜਾ ਰਿਹਾ ਹੈ | ਉਨ੍ਹਾਂ ਆਪਣੀ ਭੇਜੀ ਸ਼ਿਕਾਇਤ ਵਿਚ ਕਿਹਾ ਕਿ ਉਕਤ ਇੰਸਪੈਕਟਰ ਵਲੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਅਤੇ ਰਿਸ਼ਵਤ ਨਾ ਦੇਣ ਦੀ ਸੂਰਤ ਵਿਚ ਮਾਲ ਵਿਚ ਕਾਟ ਕੱਟ ਕੇ ਬੋਰੀਆਂ ਘਟਾ ਦਿੱਤੀਆਂ ਜਾਂਦੀਆਂ ਹਨ | ਸ਼ਿਕਾਇਤ ਵਿਚ ਇੰਸਪੈਕਟਰ ਅਤੇ ਉਸ ਦੇ ਪਰਿਵਾਰ ਵਲੋਂ ਪਿਛਲੇ ਕੁਝ ਸਾਲਾਂ ਵਿਚ ਬਣਾਈਆਂ ਗਈਆਂ ਜਾਇਦਾਦਾਂ, ਬੈਂਕ ਖਾਤਿਆਂ ਅਤੇ ਲਗਾਏ ਗਏ 3-4 ਸ਼ੈਲਰਾਂ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਉਕਤ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |