ਫ਼ਿਰੋਜ਼ਪੁਰ, 3 ਮਈ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਅੰਦਰ ਤੜਕਸਾਰ ਹੋਈ ਬਾਰਿਸ਼ ਨੇ ਅਨਾਜ ਮੰਡੀਆਂ ਵਿਚ ਕਣਕ ਖ਼ਰੀਦ ਦੇ ਸਰਕਾਰੀ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਵਲੋਂ ਕੀਤੇ ਗਏ ਵੱਡੇ-ਵੱਡੇ ਦਾਅਵੇ ਠੁੱਸ ਹੋ ਗਏ ਹਨ, ਕਿਉਂਕਿ ਪ੍ਰਬੰਧਾਂ ਦੀ ਘਾਟ ਕਰਕੇ ਖੁੱਲੇ੍ਹ ਅਸਮਾਨ ਹੇਠਾਂ ਪਈਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਬਾਰਿਸ਼ ਦੇ ਪਾਣੀ ਦੀ ਭੇਟ ਚੜ੍ਹ ਗਈਆਂ ਹਨ | ਜਿਸ ਨਾਲ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਗਈ ਕਰੋੜਾਂ ਰੁਪਏ ਦੀ ਕਣਕ ਦੇ ਵੱਡੇ ਨੁਕਸਾਨ ਹੋਣ ਦਾ ਖ਼ਤਰਾ ਬਣ ਗਿਆ ਹੈ | ਦੇਖਣ 'ਚ ਆਇਆ ਹੈ ਕਿ ਮੰਡੀ ਵਿਚ ਖੁੱਲੇ੍ਹ ਅਸਮਾਨ ਹੇਠ ਵੱਡੀ ਮਾਤਰਾ ਵਿਚ ਕਣਕ ਦੀਆਂ ਬੋਰੀਆਂ ਬਿਨਾ ਤਰਪਾਲਾਂ ਦੇ ਪਈਆਂ ਹੋਈਆਂ ਸਨ | ਜਿਨ੍ਹਾਂ 'ਤੇ ਬਾਰਿਸ਼ ਦਾ ਪਾਣੀ ਸਿੱਧਾ ਪੈਂਦਾ ਰਿਹਾ ਹੈ | ਜਿਸ ਨੇ ਮਾੜੇ ਪ੍ਰਬੰਧ ਨੂੰ ਆਪ ਮੁਹਾਰੇ ਬਿਆਨ ਕੀਤਾ ਹੈ | ਦਾਣਾ ਮੰਡੀ ਅੰਦਰ ਕੰਮ ਕਰ ਰਹੇ ਮਜ਼ਦੂਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਰਕਾਰੀ ਏਜੰਸੀਆਂ ਵਲੋਂ ਖ਼ਰੀਦ ਤਾਂ ਕੀਤੀ ਗਈ ਹੈ, ਪਰ ਕਣਕ ਨੂੰ ਬਚਾਉਣ ਲਈ ਕਿਸੇ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਰਕੇ ਇਹ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਕੁਝ ਆੜ੍ਹਤੀਆਂ ਵਲੋਂ ਕਣਕ ਦੇ ਬਚਾਅ ਲਈ ਪ੍ਰਬੰਧ ਕੀਤੇ ਗਏ ਸਨ, ਪਰ ਬਾਰਸ਼ ਦੌਰਾਨ ਵੱਡੇ ਪੱਧਰ ਤੇ ਬਚਾਅ ਕਰਨਾ ਮੁਸ਼ਕਿਲ ਸੀ | ਇੱਥੇ ਦੱਸਣਾ ਅਹਿਮ ਜ਼ਰੂਰੀ ਹੈ ਕਿ ਰੋਜ਼ਾਨਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰੀ ਪੈੱ੍ਰਸ ਨੋਟ ਜਾਰੀ ਕਰਕੇ ਅੰਕੜੇ ਪੇਸ਼ ਕੀਤੇ ਜਾਂਦੇ ਹਨ ਕਿ ਸਾਡੀਆਂ ਖ਼ਰੀਦ ਏਜੰਸੀਆਂ ਵਲੋਂ ਵੱਡੀ ਮਾਤਰਾ ਵਿਚ ਕਣਕ ਦੀ ਖ਼ਰੀਦ ਕਰ ਲਈ ਗਈ ਹੈ ਤੇ ਮੰਡੀਆਂ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ, ਪਰ ਬਾਰਿਸ਼ ਨੇ ਸਰਕਾਰੀ ਅਧਿਕਾਰੀਆਂ ਦੇ ਪ੍ਰਬੰਧਾਂ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਫ਼ੂਕ ਕੱਢ ਕੇ ਰੱਖ ਦਿੱਤੀ ਹੈ | ਦੇਖਿਆ ਜਾਵੇ ਤਾਂ ਖ਼ਰੀਦ ਏਜੰਸੀਆਂ ਦੇ ਲਿਫ਼ਟਿੰਗ ਸਬੰਧੀ ਮਾੜੇ ਪ੍ਰਬੰਧ ਹੋਣ ਕਰਕੇ ਕਣਕ ਦਾ ਵੱਡੀ ਮਾਤਰਾ ਵਿਚ ਨੁਕਸਾਨ ਦੇਖਣ ਵਿਚ ਮਿਲ ਰਿਹਾ ਹੈ | ਜਿਸ ਦਾ ਸਿੱਧੇ ਤੌਰ 'ਤੇ ਸੂਬਾ ਸਰਕਾਰ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ | ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 50 ਪ੍ਰਤੀਸ਼ਤ ਕਣਕ ਦੀ ਲਿਫ਼ਟਿੰਗ ਅਜੇ ਬਾਕੀ ਹੈ, ਜੇਕਰ ਜਲਦ ਠੋਸ ਕਦਮ ਨਾ ਚੱੁਕੇ ਗਏ ਤਾਂ ਮੌਸਮ ਦੀ ਤਬਦੀਲੀ ਕਰਕੇ ਨੁਕਸਾਨ ਵੱਧ ਸਕਦਾ ਹੈ |