ਫਿਰੋਜ਼ਪੁਰ, 4 ਮਈ (ਸੁਖਵਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਰਾਜਾਂ 'ਚ 2026 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਕ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿਲੋਂ ਵਧਾਈ ਦਿੱਤੀ ਹੈ | ਸ. ਸੋਢੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰ-ਦਰਸ਼ੀ ਅਗਵਾਈ ਅਤੇ ਅਮਿਤ ਸ਼ਾਹ ਦੀ ਮਜ਼ਬੂਤ ਸੰਗਠਨਾਤਮਕ ਯੋਗਤਾ ਦਾ ਸਪੱਸ਼ਟ ਸਬੂਤ ਹੈ | ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ ਅਤੇ ਆਸਾਮ ਵਰਗੇ ਰਾਜਾਂ ਵਿਚ ਭਾਜਪਾ ਦੀ ਵੱਡੀ ਜਿੱਤ ਦੇਸ਼ ਦੇ ਲੋਕਾਂ ਦੀ ਸਥਿਰਤਾ ਅਤੇ ਵਿਕਾਸ ਪ੍ਰਤੀ ਇੱਛਾ ਨੂੰ ਦਰਸਾਉਂਦੀ ਹੈ | ਉਨ੍ਹਾਂ ਖਾਸ ਤੌਰ 'ਤੇ ਕਿਹਾ ਕਿ ਪੱਛਮੀ ਬੰਗਾਲ ਵਿਚ 200 ਤੋਂ ਵੱਧ ਸੀਟਾਂ ਦੀ ਅਗਵਾਈ ਇਕ ਵੱਡੇ ਰਾਜਨੀਤਿਕ ਬਦਲਾਅ ਦਾ ਸੰਕੇਤ ਹੈ | ਜਦਕਿ ਆਸਾਮ ਵਿਚ ਪਾਰਟੀ ਦੀ ਮਜ਼ਬੂਤ ਪਕੜ ਬਰਕਰਾਰ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਲਈ ਇਹ ਨਤੀਜੇ ਇਕ ਸਾਫ ਸੰਦੇਸ਼ ਹਨ ਕਿ ਪ੍ਰਦਰਸ਼ਨ, ਪਾਰਦਰਸ਼ਤਾ ਅਤੇ ਵਿਕਾਸ ਦੀ ਰਾਜਨੀਤੀ ਹੀ ਲੋਕਾਂ ਦਾ ਭਰੋਸਾ ਜਿੱਤਦੀ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬ ਨੂੰ ਵੀ ਆਰਥਿਕ ਵਿਕਾਸ, ਰੋਜ਼ਗਾਰ, ਖੇਤੀਬਾੜੀ ਨਵੀਨੀਕਰਨ ਅਤੇ ਸਮਾਵੇਸ਼ੀ ਸ਼ਾਸਨ ਵੱਲ ਧਿਆਨ ਦੇਣਾ ਚਾਹੀਦਾ ਹੈ | ਰਾਣਾ ਸੋਢੀ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਦੀ 200 ਤੋਂ ਵੱਧ ਸੀਟਾਂ ਨਾਲ ਵੱਡੀ ਅਗਵਾਈ, ਆਸਾਮ ਵਿਚ 126 ਵਿਚੋਂ ਲਗਭਗ 79 ਸੀਟਾਂ ਨਾਲ ਮਜ਼ਬੂਤ ਸਥਿਤੀ, ਦੇਸ਼ ਦੇ 20 ਤੋਂ ਵੱਧ ਰਾਜਾਂ ਵਿਚ ਭਾਜਪਾ ਦਾ ਸ਼ਾਸਨ ਹੋਰ ਮਜ਼ਬੂਤ ਬਣਿਆ |