ਫ਼ਿਰੋਜ਼ਪੁਰ, 4 ਮਈ (ਕੁਲਬੀਰ ਸਿੰਘ ਸੋਢੀ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਫ਼ਿਰੋਜ਼ਪੁਰ ਵਲੋਂ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਤੇ ਸਾਰੇ ਬਲਾਕ ਪੱਧਰੀ ਸਿਹਤ ਕੇਂਦਰਾਂ ਵਿਚ 'ਫਾਇਰ ਸੇਫ਼ਟੀ ਹਫ਼ਤਾ' ਮਨਾਇਆ ਗਿਆ | ਇਸ ਮੌਕੇ ਸਿਹਤ ਸੰਸਥਾਵਾਂ ਵਿਚ ਅੱਗ ਲੱਗਣ ਦੀ ਸੂਰਤ ਵਿਚ ਬਚਾਅ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਨੇ ਸਮੂਹ ਡਾਕਟਰਾਂ, ਪੈਰਾ ਮੈਡੀਕਲ ਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਅੱਗ ਤੋਂ ਬਚਾਅ ਸਬੰਧੀ ਸਹੁੰ ਚੁਕਾਈ | ਸਟਾਫ ਵਲੋਂ ਸਹੁੰ ਚੁੱਕੀ ਗਈ ਕਿ ਉਹ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ ਦਾਖ਼ਲ ਮਰੀਜ਼ਾਂ ਦੀ ਸੁਰੱਖਿਆ ਨੂੰ ਪਹਿਲ ਦੇਣਗੇ, ਫਾਇਰ ਸੇਫ਼ਟੀ ਉਪਕਰਨਾਂ ਦੀ ਵਰਤੋਂ ਸਿੱਖਣਗੇ ਅਤੇ ਕਿਸੇ ਵੀ ਐਮਰਜੈਂਸੀ ਦੌਰਾਨ ਘਬਰਾਹਟ ਦੀ ਬਜਾਏ ਸੂਝ-ਬੂਝ ਨਾਲ ਕੰਮ ਕਰਨਗੇ | ਸਿਵਲ ਸਰਜਨ ਨੇ ਦੱਸਿਆ ਕਿ ਹਫ਼ਤੇ ਦੌਰਾਨ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿਚ ਅੱਗ ਬੁਝਾਊ ਯੰਤਰ, ਫਾਇਰ ਅਲਾਰਮ, ਪਾਣੀ ਦੇ ਪਾਈਪਾਂ ਅਤੇ ਐਮਰਜੈਂਸੀ ਨਿਕਾਸੀ ਰਸਤਿਆਂ ਦੀ ਜਾਂਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਹਸਪਤਾਲਾਂ 'ਚ ਆਕਸੀਜਨ ਸਿਲੰਡਰ, ਦਵਾਈਆਂ ਅਤੇ ਬਿਜਲੀ ਦੇ ਉਪਕਰਨਾਂ ਕਾਰਨ ਅੱਗ ਲੱਗਣ ਦਾ ਖ਼ਤਰਾ ਵੱਧ ਹੁੰਦਾ ਹੈ | ਇਸ ਲਈ ਹਰ ਮੁਲਾਜ਼ਮ ਦਾ ਫ਼ਰਜ਼ ਬਣਦਾ ਹੈ ਕਿ ਉਹ ਫਾਇਰ ਸੇਫ਼ਟੀ ਨਿਯਮਾਂ ਤੋਂ ਜਾਣੂ ਹੋਵੇ ਤਾਂ ਜੋ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ | ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਇੰਚਾਰਜ ਹਰ ਮਹੀਨੇ ਫਾਇਰ ਸੇਫ਼ਟੀ ਉਪਕਰਨਾਂ ਦੀ ਜਾਂਚ ਕਰਨ ਅਤੇ ਮਿਆਦ ਪੁੱਗੇ ਅੱਗ ਬੁਝਾਊ ਯੰਤਰ ਤੁਰੰਤ ਬਦਲ ਦਿੱਤੇ ਜਾਣ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਿਵੇਕ ਰਜੋਰਾ, ਡਾ. ਹਰਪ੍ਰੀਤ ਕੌਰ, ਡਾ. ਮਨਮੀਤ ਸਿੰਘ, ਡਾ. ਵਿਨੀਤ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ, ਸੁਪਰਡੈਂਟ ਪਰਮਵੀਰ ਮੋਂਗਾ, ਸੁਪਰਡੈਂਟ ਤਿ੍ਪਤੀ, ਸਟੈਨੋ ਵਿਕਾਸ ਕਾਲੜਾ ਅਤੇ ਸਾਰੇ ਪ੍ਰੋਗਰਾਮ ਅਫਸਰ ਹਾਜ਼ਰ ਸਨ |