ਗੁਰੂਹਰਸਹਾਏ, 4 ਮਈ (ਕਪਿਲ ਕੰਧਾਰੀ)-ਨਗਰ ਕੌਂਸਲ ਗੁਰੂਹਰਸਹਾਏ 'ਚ ਸੀਵਰਮੈਨ ਅਤੇ ਸਫ਼ਾਈ ਸੇਵਕਾਂ ਦੀ ਭਰਤੀ ਪ੍ਰਕਿਰਿਆ ਵਿਚ ਹੋ ਰਹੀ ਦੇਰੀ ਦੇ ਵਿਰੋਧ ਵਿਚ ਸਫ਼ਾਈ ਕਰਮਚਾਰੀਆਂ ਦਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ | ਇਸ ਮੌਕੇ ਸਫ਼ਾਈ ਸੇਵਕਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਆਏ ਸਮਾਜ ਸੇਵੀਆਂ ਵਲੋਂ ਵੀ ਈ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਵਧੀਕ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋਂ ਮਤਾ ਪਾਸ ਹੋਣ ਦੇ ਬਾਵਜੂਦ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਭਰਤੀ ਪ੍ਰਕਿਰਿਆ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ | ਅੱਜ ਦੇ ਇਸ ਧਰਨੇ ਵਿਚ ਸ਼ਹਿਰ ਦੇ ਸਮਾਜ ਸੇਵੀਆਂ ਵਲੋਂ ਵੀ ਸਫ਼ਾਈ ਸੇਵਕਾਂ ਦਾ ਸਮਰਥਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਰਜਿੰਦਰ ਭਠੇਜਾ, ਰਾਮ ਨਰੂਲਾ, ਗੌਰਵ ਸਚਦੇਵਾ, ਵਰੁਨ ਗਾਵੜੀ, ਪ੍ਰੇਮ ਸਚਦੇਵਾ, ਲਾਡਾਂ ਵੋਹਰਾ, ਪਿੰਕਾ ਵੋਹਰਾ ਨੇ ਦੱਸਿਆ ਕਿ ਨਗਰ ਕੌਂਸਲ ਦਾ ਜੇ.ਈ ਅਤੇ ਹੋਰ ਅਧਿਕਾਰੀ ਜਾਣ ਬੁਝ ਕੇ ਸਫ਼ਾਈ ਸੇਵਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਜਦੋਂ ਉੱਚ ਅਧਿਕਾਰੀਆਂ ਵਲੋਂ ਚਿੱਠੀ ਕੱਢ ਕੇ ਇਨ੍ਹਾਂ ਦੀ ਭਰਤੀ ਕਰਨ ਦੇ ਲਈ ਕਿਹਾ ਗਿਆ ਹੈ, ਪ੍ਰੰਤੂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਜੇ.ਈ ਵਲੋਂ ਇਹਨਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਜਲਦ ਹੀ ਇਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ ਇਸ ਧਰਨੇ ਨੂੰ ਹੋਰ ਵੀ ਵੱਡਾ ਕਰਨਗੇ | ਇਸ ਮੌਕੇ ਭਾਜਪਾ ਆਗੂ ਦੀਪਕ ਸ਼ਰਮਾ ਨੇ ਵੀ ਭਰਤੀ ਪ੍ਰਕਿਰਿਆ 'ਚ ਹੋ ਰਹੀ ਦੇਰੀ ਅਤੇ ਸੰਭਾਵਿਤ ਗੜਬੜ 'ਤੇ ਸਵਾਲ ਉਠਾਉਂਦੇ ਹੋਏ ਪ੍ਰਸ਼ਾਸਨ ਤੋਂ ਪਾਰਦਰਸ਼ੀ ਢੰਗ ਨਾਲ ਭਰਤੀ ਪ੍ਰਕਿਰਿਆ ਪੂਰੀ ਕਰਨ ਦੀ ਮੰਗ ਕੀਤੀ | ਇਹਨਾਂ ਦੇ ਧਰਨੇ ਨੂੰ ਦੇਖਦਿਆਂ ਹੋਇਆਂ ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਵੀ ਮੌਕੇ 'ਤੇ ਨਗਰ ਕੌਂਸਲ ਵਿਖੇ ਪਹੁੰਚੇ, ਜਿਨ੍ਹਾਂ ਵਲੋਂ ਧਰਨਾਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਵਲੋਂ ਹਾਲੇ ਤੱਕ ਭਰਤੀ ਕਰਨ ਦੇ ਰੋਕ ਲਾਈ ਹੋਈ ਹੈ ਅਤੇ ਜਦੋਂ ਵੀ ਇਨ੍ਹਾਂ ਦੀ ਭਰਤੀ ਦੇ ਆਰਡਰ ਆ ਜਾਣਗੇ ਤਾਂ ਉਨ੍ਹਾਂ ਦੀ ਭਰਤੀ ਪਹਿਲ ਦੇ ਆਧਾਰ 'ਤੇ ਕਰ ਦਿੱਤੀ ਜਾਵੇਗੀ | ਪਰ ਸਫ਼ਾਈ ਸੇਵਕਾਂ ਨੇ ਕਿਹਾ ਕਿ ਉਹ ਪੁਰਾਣੀ ਭਰਤੀ ਦੇ ਅਧੀਨ ਆਉਂਦੇ ਹਨ | ਇਸ ਕਰਕੇ ਉਨ੍ਹਾਂ ਦੀ ਭਰਤੀ ਕੀਤੀ ਜਾਵੇ, ਜਦ ਤੱਕ ਉਨ੍ਹਾਂ ਦੀ ਭਰਤੀ ਨਹੀਂ ਕੀਤੀ ਜਾਂਦੀ, ਉਹ ਆਪਣਾ ਧਰਨਾ ਇਸੇ ਤਰ੍ਹਾਂ ਜਾਰੀ ਰੱਖਣਗੇ |