ਗੁਰੂਹਰਸਹਾਏ, 12 ਮਈ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਸ਼੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਅੱਜ 13 ਮਈ ਦਿਨ ਬੁੱਧਵਾਰ ਨੂੰ ਸ਼੍ਰੀ ਖਾਟੂ ਸ਼ਾਮ ਦਾ ਵਿਸ਼ਾਲ ਭਜਨ ਕੀਰਤਨ ਅਤੇ ਗੁਣਗਾਨ ਸਮਾਗਮ ਰਾਤ 8 ਵਜੇ ਤੋਂ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਪੰਡਿਤ ਬਿੰਦੂ ਭਾਰਦਵਾਜ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕਾਂ ਵਲੋਂ ਬਾਬਾ ਸ਼ਾਮ ਦੇ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ | ਉਨ੍ਹਾਂ ਹੋਰ ਦੱਸਿਆ ਕਿ ਸਮਾਗਮ ਤੋਂ ਪਹਿਲਾਂ ਸ਼ਾਮ 7 ਵਜੇ ਲੰਗਰ ਭੰਡਾਰੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਪੰਡਿਤ ਬਿੰਦੂ ਭਾਰਦਵਾਜ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਭਜਨ ਕੀਰਤਨ ਦਾ ਲਾਭ ਪ੍ਰਾਪਤ ਕਰਨ ਅਤੇ ਬਾਬਾ ਸ਼ਾਮ ਦਾ ਆਸ਼ੀਰਵਾਦ ਹਾਸਲ ਕਰਨ |