ਫ਼ਿਰੋਜ਼ਪੁਰ, 16 ਮਈ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਫ਼ਿਰੋਜ਼ਪੁਰ ਦੀ ਜੰਮਪਲ, ਡੀ.ਸੀ. ਮਾਡਲ ਇੰਟਰਨੈਸ਼ਨਲ ਸਕੂਲ ਦੀ 12ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਅਤੇ ਸਵ. ਸੰਸਦ ਮੈਂਬਰ ਜ਼ੋਰਾ ਸਿੰਘ ਮਾਨ ਦੇ ਨਿੱਜੀ ਸਕੱਤਰ ਬਚਿੱਤਰ ਸਿੰਘ ਦੀ ਹੋਣਹਾਰ ਬੇਟੀ ਹੇਜ਼ਲ (16) ਸੱਤ ਸਮੰੁਦਰ ਪਾਰ ਜਾ ਕੇ ਸਰਹੱਦੀ ਕਿਸਾਨਾਂ ਦੀ ਆਵਾਜ਼ ਬਣ ਕੇ ਪੰਜਾਬ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਨਾਂਅ ਚਮਕਾਏਗੀ | ਹੇਜ਼ਲ ਦੀ ਚੋਣ ਕੈਨੇਡਾ ਦੇ ਵੈਨਕੂਵਰ ਦੀ ਧਰਤੀ 'ਤੇ ਹੋਣ ਵਾਲੇ 'ਹਿਊਮਨ ਰਾਈਟਸ ਸਮਿਟ ਕੈਨੇਡਾ-2026' ਲਈ ਹੋਈ ਹੈ, ਜਿਸ ਵਿਚ 40 ਦੇਸ਼ਾਂ ਦੇ ਡੈਲੀਗੇਟ ਭਾਗ ਲੈ ਰਹੇ ਹਨ | ਇਨ੍ਹਾਂ ਡੈਲੀਗੇਟਾਂ ਵਿਚੋਂ ਸਭ ਤੋਂ ਛੋਟੇ ਡੈਲੀਗੇਟ ਹੋਣ ਦਾ ਮਾਣ ਵੀ ਇਸ ਧੀ ਦੇ ਹਿੱਸੇ ਆਇਆ ਹੈ | ਵਾਇਸ ਫਾਰ ਰਾਈਟਸ ਇੰਟਰਨੈਸ਼ਨਲ ਸੰਸਥਾ ਵਲੋਂ ਬੀਤੇ ਦਿਨੀਂ ਲਈ ਗਈ ਇੰਟਰਵਿਊ ਵਿਚ ਹੇਜ਼ਲ ਦੀ ਚੋਣ ਕੀਤੀ ਗਈ ਹੈ | ਹੇਜ਼ਲ ਵਲੋਂ ਵੱਖ ਵੱਖ 3 ਮੁੱਦੇ ਦਰਸਾਏ ਗਏ, ਜਿਨ੍ਹਾਂ ਵਿਚ 'ਬੰਦੀ ਸਿੰਘਾਂ ਦੀ ਰਿਹਾਈ', '84 ਦੇ ਦੰਗਿਆਂ' ਅਤੇ ਫ਼ਿਰੋਜ਼ਪੁਰ ਸਰਹੱਦੀ ਇਲਾਕੇ ਦਾ ਮੁੱਦਾ ਰੱਖਿਆ ਸੀ, ਬੰਦੀ ਸਿੰਘਾਂ ਅਤੇ 84 ਦੰਗਾ ਪੀੜਤਾਂ ਦਾ ਮੁੱੁਦਾ ਪਹਿਲਾਂ ਹੀ ਪ੍ਰਫੁਲਿਤ ਹੋਣ ਕਾਰਨ ਹੇਜ਼ਲ ਨੇ ਸਰਹੱਦੀ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਨੂੰ ਪਹਿਲ ਦਿੱਤੀ | ਹੇਜ਼ਲ ਦੇ ਪਿਤਾ ਬਚਿੱਤਰ ਸਿੰਘ ਨੇ ਦੱਸਿਆ ਕਿ ਹੇਜ਼ਲ ਯੂਨੀਵਰਸਿਟੀ ਬਿ੍ਟਿਸ਼ ਕੋਲੰਬੀਆ ਵੈਨਕੂਵਰ ਵਿਖੇ ਸੰਬੋਧਨ ਕਰੇਗੀ | ਹੇਜ਼ਲ ਨੇ ਦੱਸਿਆ ਕਿ ਉਹ ਸਰਹੱਦੀ ਕਿਸਾਨਾਂ ਨੂੰ ਸਮੇਂ ਸਮੇਂ ਸਿਰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਸੰਸਾਰ ਪੱਧਰ 'ਤੇ ਉਜਾਗਰ ਕਰੇਗੀ ਕਿ ਕਿਸ ਤਰ੍ਹਾਂ ਦੇ ਸੰਘਰਸ਼ਮਈ ਜੀਵਨ ਇਹ ਕਿਸਾਨ ਹੰਢਾ ਰਹੇ ਹਨ |