ਫ਼ਿਰੋਜ਼ਪੁਰ, 20 ਮਈ (ਗੁਰਿੰਦਰ ਸਿੰਘ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਵਲੋਂ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਪਿਤਰੀ ਵਿਭਾਗਾਂ ਦੀਆਂ ਡਿਊਟੀਆਂ ਤੋਂ ਪੂਰੀ ਤਰ੍ਹਾਂ ਫ਼ਾਰਗ ਕਰਨ ਦੀ ਮੰਗ ਕੀਤੀ ਹੈ | ਜਨਗਣਨਾ ਡਿਊਟੀ ਨਿਭਾ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਦਿੱਤੇ ਮੰਗ ਪੱਤਰ ਈ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਕੂਲੀ ਕੰਮਾਂ ਤੋਂ ਪੂਰੀ ਛੋਟ ਦਿੱਤੀ ਗਈ ਹੈ, ਪਰ ਫ਼ਿਰੋਜ਼ਪੁਰ ਵਿਚ ਕੇਵਲ ਦੋ ਘੰਟਿਆਂ ਦੀ ਰਾਹਤ ਦੇ ਕੇ ਸਾਰਾ ਕੰਮ ਮੁਕੰਮਲ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਕਾਰਨ ਅਧਿਆਪਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆਗੂਆਂ ਨੇ ਕਿਹਾ ਕਿ ਮਰਦਮਸ਼ੁਮਾਰੀ 2027 ਤਹਿਤ 15 ਮਈ ਤੋਂ 13 ਜੂਨ 2026 ਤੱਕ ਚੱਲ ਰਹੀ ਜਨਗਣਨਾ ਡਿਊਟੀ ਪਹਿਲਾਂ ਹੀ ਬਹੁਤ ਜ਼ਿੰਮੇਵਾਰੀ ਭਰੀ ਹੈ, ਪਰ ਇਸ ਦੇ ਬਾਵਜੂਦ ਕਈ ਅਧਿਆਪਕਾਂ ਦੀਆਂ ਡਿਊਟੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੀ ਲਗਾ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਕਈ ਅਧਿਆਪਕ ਬੀ.ਐੱਲ.ਓ ਵਜੋਂ ਐੱਸ.ਆਈ.ਆਰ ਦਾ ਕੰਮ ਵੀ ਨਿਭਾ ਰਹੇ ਹਨ | ਉਨ੍ਹਾਂ ਕਿਹਾ ਕਿ ਇਕੋ ਸਮੇਂ ਦੋ-ਦੋ ਸਰਕਾਰੀ ਡਿਊਟੀਆਂ ਨਿਭਾਉਣਾ ਅਸੰਭਵ ਹੈ ਅਤੇ ਇਸ ਨਾਲ ਅਧਿਆਪਕਾਂ 'ਤੇ ਮਾਨਸਿਕ ਦਬਾਅ ਵੱਧ ਰਿਹਾ ਹੈ | ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਦੌਰਾਨ ਡੀ.ਟੀ.ਐੱਫ ਆਗੂਆਂ ਨੇ ਮਹਿਲਾ ਅਧਿਆਪਕਾਂ ਦੀ ਸੁਰੱਖਿਆ ਦਾ ਮਸਲਾ ਵੀ ਉਠਾਇਆ | ਉਨ੍ਹਾਂ ਕਿਹਾ ਕਿ ਸ਼ਾਮ ਦੇ ਸਮੇਂ ਫ਼ੀਲਡ ਵਿਚ ਕੰਮ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਅਸੁਰੱਖਿਅਤ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈੈ | ਇਸ ਲਈ ਪ੍ਰਸ਼ਾਸਨ ਨੂੰ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਪ੍ਰਬੰਧ ਕਰਨੇ ਚਾਹੀਦੇ ਹਨ | ਡੀ.ਟੀ.ਐੱਫ ਵਲੋਂ ਉਠਾਈਆਂ ਗਈਆਂ ਮੰਗਾਂ 'ਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਜਲਦ ਢੁਕਵਾਂ ਹੱਲ ਕੱਢਣ ਦਾ ਭਰੋਸਾ ਦਿੱਤਾ | ਇਸ ਮੌਕੇ ਡੀ.ਟੀ.ਐੱਫ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਪੈੱ੍ਰਸ ਸਕੱਤਰ ਹੀਰਾ ਸਿੰਘ ਤੂਤ, ਆਗੂ ਅਨਿਲ ਧਵਨ, ਕਿਰਪਾਲ ਸਿੰਘ ਅਤੇ ਕੰਪਿਊਟਰ ਅਧਿਆਪਕ ਆਗੂ ਗੁਰਵਿੰਦਰ ਸਿੰਘ ਮਠਾੜੂ ਵੀ ਹਾਜ਼ਰ ਸਨ |