ਫ਼ਿਰੋਜਪੁਰ, 20 ਮਈ (ਸੋਢੀ)-ਸੂਬੇ ਦੇ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ, ਪੰਜਾਬ ਵਲੋਂ ਆਨਲਾਈਨ ਦਵਾਈਆਂ ਦੀਆਂ ਵਿਕਰੀਆਂ ਲਈ ਈ-ਫਾਰਮੇਸੀ ਆਪੇ੍ਰਟਰਾਂ ਨੂੰ ਲਾਇਸੰਸ ਦੇਣਾ ਗੈਰ-ਕਾਨੂੰਨੀ ਹੈ, ਜੋ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਮਰਥਨ ਅਤੇ ਉਤਸ਼ਾਹਿਤ ਕਰਨ ਦੇ ਬਰਾਬਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਿਰੋਜ਼ਪੁਰ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਬੋਧ ਕੱਕੜ ਨੇ ਕੀਤਾ | ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਆਨਲਾਈਨ ਦਵਾਈਆਂ ਦੀ ਹੋ ਰਹੀ ਬੇਤਹਾਸ਼ਾ ਵਿੱਕਰੀ ਕਰਕੇ ਦੁਕਾਨਾਂ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਆਨਲਾਈਨ ਪ੍ਰਕਿਰਿਆ 'ਤੇ ਨਕੇਲ ਪਾਉਣ ਲਈ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਦੁਕਾਨਾਂ ਬੰਦ ਕਰਕੇ ਰੋਸ ਜ਼ਾਹਿਰ ਕੀਤਾ ਗਿਆ ਹੈ 'ਤੇ ਮੰਗਾਂ ਸਬੰਧੀ ਸੰਯੁਕਤ ਕਮਿਸ਼ਨਰ (ਡਰੱਗਜ਼), ਫੂਡ ਐਂਡ ਡਰੱਗ ਦੇ ਨਾਂ ਸਿਵਲ ਸਰਜਨ ਡਾਕਟਰ ਮੀਨਾਕਸ਼ੀ ਢੀਂਗਰਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ | ਪ੍ਰਧਾਨ ਕੱਕੜ ਨੇ ਦੱਸਿਆ ਕਿ ਸਟੇਟ ਐੱਫ.ਡੀ.ਏ ਲਾਇਸੈਂਸਿੰਗ ਅਥਾਰਿਟੀਆਂ ਦੁਆਰਾ ਵੱਖ-ਵੱਖ ਆਨ ਲਾਈਨ ਈ-ਫਾਰਮੇਸੀ ਆਪੇ੍ਰਟਰਾਂ ਨੂੰ ਪਰਚੂਨ ਲਾਇਸੈਂਸ ਗੈਰ-ਕਾਨੂੰਨੀ ਤੌਰ 'ਤੇ ਦਿੱਤੇ ਜਾਣ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ, ਜੋ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਮਰਥਨ ਅਤੇ ਉਤਸ਼ਾਹਿਤ ਕਰਨ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਆਨਲਾਈਨ ਈ-ਫਾਰਮੇਸੀ ਇਕ ਗੈਰ-ਕਾਨੂੰਨੀ ਵਪਾਰਕ ਗਤੀਵਿਧੀ ਹੈ | ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸੰਸਥਾ, ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਅਤੇ ਰਾਜ ਸੰਗਠਨਾਂ ਵਲੋਂ ਕਈ ਵਾਰ ਭਾਰਤ ਸਰਕਾਰ ਦੇ ਸਾਹਮਣੇ ਆਨਲਾਈਨ ਈ-ਫਾਰਮੇਸੀ ਦੁਆਰਾ ਕੀਤੇ ਜਾ ਰਹੇ ਗੰਭੀਰ ਗੈਰ-ਕਾਨੂੰਨੀ ਕੰਮਾਂ ਦਾ ਵਾਰ-ਵਾਰ ਵਿਰੋਧ ਕੀਤਾ ਗਿਆ ਹੈ, ਪਰ ਸਿੱਟੇ ਕੁੱਝ ਜ਼ਿਆਦਾ ਵਧਿਆ ਨਹੀਂ ਨਿਕਲੇ | ਕੱਕੜ ਨੇ ਅੱਗੇ ਕਿਹਾ ਕਿ ਕਾਨੂੰਨ ਦੀ ਇਸ ਗੰਭੀਰ ਉਲੰਘਣਾ ਵਿਰੁੱਧ ਕੋਈ ਠੋਸ ਕਾਰਵਾਈ ਦਿਖਾਈ ਨਹੀਂ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਰਾਜ ਦੀਆਂ ਲਾਇਸੈਂਸਿੰਗ ਅਥਾਰਿਟੀਆਂ ਦੁਆਰਾ ਆਨਲਾਈਨ ਈ-ਫਾਰਮੇਸੀ ਆਪੇ੍ਰਟਰਾਂ ਨੂੰ ਲਾਇਸੈਂਸ ਦੇਣਾ, ਗੈਰ-ਕਾਨੂੰਨੀ ਗਤੀਵਿਧੀਆਂ ਲਈ ਸਹਾਇਤਾ ਅਤੇ ਉਤਸ਼ਾਹ ਹੈ ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਨਾ ਹੈ | ਜਾਣਕਾਰੀ ਸਾਂਝੀ ਕੀਤੀ ਕਿ ਰਾਜ ਦੀਆਂ ਲਾਇਸੈਂਸਿੰਗ ਅਥਾਰਿਟੀਆਂ ਵਲੋਂ ਬਲਿੰਕਿਟ, ਫਲਿੱਪਕਾਰਟ, ਐਮਾਜ਼ਾਨ ਆਦਿ ਵਰਗੇ ਵੱਖ-ਵੱਖ ਆਨਲਾਈਨ ਈ-ਫਾਰਮੇਸੀ ਆਪੇ੍ਰਟਰਾਂ ਨੂੰ ਪਰਚੂਨ ਅਤੇ ਥੋਕ ਲਾਇਸੈਂਸ ਦਿੱਤੇ ਗਏ ਹਨ, ਜੋ ਗੈਰ ਕਾਨੂੰਨੀ ਹੈ | ਆਗੂਆਂ ਨੇ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਅਜਿਹੇ ਗੈਰ-ਕਾਨੂੰਨੀ ਆਨਲਾਈਨ ਈ-ਫਾਰਮੇਸੀ ਆਪੇ੍ਰਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਉਨ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਸਾਰੇ ਰਾਜ ਲਾਇਸੈਂਸਿੰਗ ਅਥਾਰਿਟੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਅਜਿਹੇ ਆਪੇ੍ਰਟਰਾਂ ਨੂੰ ਕੋਈ ਵੀ ਪਰਚੂਨ ਜਾਂ ਧੋਖਾਧੜੀ ਵਾਲਾ ਲਾਇਸੈਂਸ ਜਾਰੀ ਨਾ ਕਰਨ | ਇਸ ਮੌਕੇ ਅਸ਼ਵਨੀ ਕੁਮਾਰ ਜਨਰਲ ਸਕੱਤਰ, ਸ਼ਾਮ ਲਾਲ ਕੱਕੜ ਚੇਅਰਮੈਨ, ਦਰਸ਼ਨ ਲਾਲ ਸਚਦੇਵਾ, ਸੁਮੇਸ਼ ਗੁੰਬਰ, ਕੁਮਾਰ ਗੌਰਵ, ਮਹੇਸ਼ ਕੁਮਾਰ, ਮਨਜੀਤ ਢੀਂਗਰਾ, ਮੁਕੇਸ਼ ਗੁੰਬਰ ਅਤੇ ਰਾਕੇਸ਼ ਗਾਬਾ ਆਦਿ ਹਾਜ਼ਰ ਸਨ |