ਫਿਰੋਜ਼ਪੁਰ, 24 ਮਈ (ਸ. ਰ.)-ਜੈਨਸਿਸ ਡੈਂਟਲ ਕਾਲਜ ਐਂਡ ਹਸਪਤਾਲ ਫਿਰੋਜ਼ਪੁਰ ਵਲੋਂ ਸਨਸਾਇਨ ਮਾਡਰਨ ਸੀ.ਬੀ. ਸਕੂਲ ਫਿਰੋਜ਼ਪੁਰ ਵਿਚ ਵਿਦਿਆਰਥੀਆਂ ਲਈ ਮੁਫ਼ਤ ਦੰਦਾਂ ਦੀ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਆਪਣੇ ਦੰਦਾਂ ਦੀ ਜਾਂਚ ਕਰਵਾਈ ਅਤੇ ਮਾਹਿਰ ਡਾਕਟਰਾਂ ਤੋਂ ਦੰਦਾਂ ਦੀ ਸਹੀ ਦੇਖਭਾਲ ਸਬੰਧੀ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਜਗਦੀਸ਼ ਸਿੰਘ ਨੇ ਕਾਲਜ ਦੀ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਿਹਤ ਜਾਗਰੂਕਤਾ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਭਵਿੱਖ ਵਿਚ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕੇ | ਅਧਿਆਪਕਾ ਰੂਬੀ ਨਾਰੰਗ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਦੰਦਾਂ ਦੀ ਸਹੀ ਦੇਖਭਾਲ ਬਾਰੇ ਲਾਭਦਾਇਕ ਜਾਣਕਾਰੀ ਮਿਲੀ | ਕੈਂਪ ਦੌਰਾਨ ਡਾ. ਸੁਕਿਰਤ ਕੌਰ ਅਤੇ ਡਾ. ਨਵਚੰਦਨ ਨੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕਰਦਿਆਂ ਉਨ੍ਹਾਂ ਨੂੰ ਸਵੇਰੇ ਅਤੇ ਸ਼ਾਮ ਨਿਯਮਿਤ ਤੌਰ 'ਤੇ ਬੁਰਸ਼ ਕਰਨ, ਵੱਧ ਮਿੱਠਾ ਖਾਣ ਤੋਂ ਪਰਹੇਜ਼ ਕਰਨ ਅਤੇ ਸਮੇਂ-ਸਮੇਂ 'ਤੇ ਦੰਦਾਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ | ਡਾਕਟਰਾਂ ਨੇ ਦੱਸਿਆ ਕਿ ਦੰਦਾਂ ਦੀ ਸਹੀ ਸੰਭਾਲ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ | ਇਸ ਮੌਕੇ ਕਾਲਜ ਦੇ ਪੀ.ਆਰ.ਓ. ਰਣਜੀਤ ਸਿੰਘ ਅਤੇ ਮਨਜੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਟੂਥਪੇਸਟ ਅਤੇ ਟੂਥਬਰਸ਼ ਵੀ ਵੰਡੇ ਗਏ ਅਤੇ ਉਨ੍ਹਾਂ ਨੂੰ ਸਫ਼ਾਈ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਕੈਂਪ ਦੇ ਅੰਤ ਵਿਚ ਸਕੂਲ ਪ੍ਰਬੰਧਕਾਂ ਨੇ ਜੈਨਸਿਸ ਡੈਂਟਲ ਕਾਲਜ ਦੀ ਟੀਮ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਜਿਕ ਅਤੇ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਉਮੀਦ ਜਤਾਈ |