ਫ਼ਿਰੋਜ਼ਪੁਰ, 25 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਅੰਮਿ੍ਤਸਰ ਵਿਖੇ ਤਾਇਨਾਤ ਟੀ.ਟੀ.ਆਈ. ਅਮਰਜੀਤ ਸਿੰਘ ਅਤੇ ਜਲੰਧਰ ਸਿਟੀ ਵਿਖੇ ਤਾਇਨਾਤ ਟੀ.ਟੀ.ਆਈ. ਰਣਬੀਰ ਸਿੰਘ ਨੂੰ ਸਾਈਕਲਿੰਗ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਬੇਮਿਸਾਲ ਯੋਗਦਾਨ ਲਈ ਪੰਜਾਬ ਸਰਕਾਰ ਵਲੋਂ ਵੱਕਾਰੀ ''ਮਹਾਰਾਜਾ ਰਣਜੀਤ ਸਿੰਘ ਅਵਾਰਡ'' ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਪੁਰਸਕਾਰ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਖੇਡ ਸਨਮਾਨ ਹੈ | ''ਮਹਾਰਾਜਾ ਰਣਜੀਤ ਸਿੰਘ ਅਵਾਰਡ'' ਕਿਸੇ ਖਿਡਾਰੀ ਨੂੰ ਉਸ ਦੇ ਜੀਵਨ ਵਿਚ ਸਿਰਫ਼ ਇਕ ਵਾਰ, ਉਸ ਦੇ ਸ਼ਾਨਦਾਰ ਪ੍ਰਦਰਸ਼ਨ, ਪ੍ਰਾਪਤੀਆਂ ਅਤੇ ਖੇਡਾਂ ਵਿਚ ਵਿਸ਼ੇਸ਼ ਯੋਗਦਾਨ ਲਈ ਦਿੱਤਾ ਜਾਂਦਾ ਹੈ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਫ਼ਿਰੋਜ਼ਪੁਰ ਨੇ ਦੱਸਿਆ ਕਿ ਸਾਈਕਲਿੰਗ ਦੇ ਖੇਤਰ ਵਿਚ ਦੋਵਾਂ ਖਿਡਾਰੀਆਂ ਨੇ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਰੇਲਵੇ ਦਾ ਨਾਂ ਰੌਸ਼ਨ ਕੀਤਾ ਹੈ | ਅਮਰਜੀਤ ਸਿੰਘ ਦੀਆਂ ਪ੍ਰਮੁੱਖ ਪ੍ਰਾਪਤੀਆਂ ਸਾਲ 2018 'ਚ ਨਵੀਂ ਦਿੱਲੀ ਵਿਖੇ ਕਰਵਾਈ ਗਈ 'ਏਸ਼ੀਆ ਕੱਪ' ਦੀ ਟੀਮ ਸਪਿ੍ੰਟ ਪ੍ਰਤੀਯੋਗਤਾ ਵਿਚ ਚਾਂਦੀ ਦਾ ਮੈਡਲ ਜਿੱਤਿਆ | ਸਾਲ 2019 ਵਿਚ ਥਾਈਲੈਂਡ ਵਿਖੇ ਹੋਈ 'ਏਸ਼ੀਆਈ ਚੈਂਪੀਅਨਸ਼ਿਪ' ਦੀ ਸਪਿ੍ੰਟ ਪ੍ਰਤੀਯੋਗਤਾ ਵਿਚ ਕਾਸੇ ਦਾ ਮੈਡਲ ਹਾਸਲ ਕੀਤਾ | ਸਾਲ 2020 'ਚ 1 ਕਿੱਲੋਮੀਟਰ ਟਾਈਮ ਟਰਾਇਲ ਮੁਕਾਬਲੇ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ | ਸਾਲ 2022 ਗੁਜਰਾਤ ਵਿਚ ਹੋਈਆਂ 'ਰਾਸ਼ਟਰੀ ਖੇਡਾਂ' ਵਿਚ ਕਾਸੇ ਦਾ ਮੈਡਲ ਜਿੱਤਿਆ | ਉਨ੍ਹਾਂ ਨੇ ਲਗਾਤਾਰ 10 ਸਾਲਾਂ ਤੱਕ 'ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ' ਵਿਚ ਸੋਨੇ ਦਾ ਮੈਡਲ ਜਿੱਤ ਕੇ ਇਕ ਵਿਲੱਖਣ ਰਿਕਾਰਡ ਬਣਾਇਆ ਹੈ ਅਤੇ ਉਹ ਇਕ ਕਿੱਲੋਮੀਟਰ ਟਾਈਮ ਟਰਾਇਲ ਵਿਚ ਵਿਅਕਤੀਗਤ ਰਾਸ਼ਟਰੀ ਰਿਕਾਰਡ ਧਾਰਕ (ਨੈਸ਼ਨਲ ਰਿਕਾਰਡ ਹੋਲਡਰ) ਵੀ ਹਨ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਉਨ੍ਹਾਂ ਨੂੰ ਇਸ ਮਹਾਨ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਉਨ੍ਹਾਂ ਦੀ ਇਹ ਸਫਲਤਾ ਰੇਲਵੇ ਦੇ ਹੋਰਨਾਂ ਖਿਡਾਰੀਆਂ ਅਤੇ ਨੌਜਵਾਨ ਪ੍ਰਤਿਭਾਵਾਂ ਲਈ ਇਕ ਵੱਡਾ ਪ੍ਰੇਰਨਾ ਸਰੋਤ ਹੈ |