ਮਮਦੋਟ, 25 ਮਈ(ਰਾਜਿੰਦਰ ਸਿੰਘ ਹਾਂਡਾ)-ਪੇਂਡੂ ਸੰਪਰਕ ਸੜਕਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਵਾਲੇ ਕਿਸਾਨ ਅਕਸਰ ਸੜਕਾਂ ਦੇ ਕੱਚੇ ਕਿਨਾਰੇ(ਬਰਮਾਂ)ਵੱਢ ਕੇ ਆਪਣੀਆਂ ਜ਼ਮੀਨਾਂ ਵਿਚ ਮਿਲਾ ਲੈਂਦੇ ਹਨ | ਜਿਸ ਕਾਰਨ ਵਾਹਨ ਇੱਕ-ਦੂਜੇ ਨੂੰ ਕਰਾਸ ਕਰਦੇ ਸਮੇਂ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ | ਕੁੱਝ ਸਾਲ ਪਹਿਲਾਂ ਪੰਜਾਬ ਸਰਕਾਰ ਵਲੋਂ ਕਣਕ ਦੀ ਕਟਾਈ ਤੋਂ ਬਾਅਦ ਝੋਨੇ ਦੀ ਬਿਜਾਈ ਵਿਚ ਕਰੀਬ 2 ਮਹੀਨੇ ਖੇਤ ਖ਼ਾਲੀ ਹੋਣ ਸਮੇਂ ਪੰਚਾਇਤ ਅਤੇ ਸੜਕੀ ਵਿਭਾਗਾਂ ਰਾਹੀ ਵਿਸ਼ੇਸ਼ ਮੁਹਿੰਮ ਚਲਾ ਕੇ ਨਾਲ ਲੱਗਦੀਆਂ ਜ਼ਮੀਨਾਂ ਵਿਚੋਂ ਪੇਂਡੂ ਸੰਪਰਕ ਸੜਕਾਂ ਦੇ ਕਿਨਾਰਿਆਂ 'ਤੇ ਮਿੱਟੀ ਪਾ ਕੇ ਕਿਨਾਰਿਆਂ ਨੂੰ ਪੂਰਾ ਕਰ ਲਿਆ ਜਾਂਦਾ ਸੀ | ਪਰੰਤੂ ਹੁਣ ਪਿਛਲੇ ਚਾਰ-ਪੰਜ ਸਾਲ ਤੋਂ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗਾਂ ਨੇ ਸੜਕਾਂ ਦੇ ਕਿਨਾਰੇ ਪੂਰੇ ਕਰਨ ਵਾਲੀ ਮੁਹਿੰਮ ਤੋਂ ਪੂਰੀ ਤਰ੍ਹਾਂ ਮੁੱਖ ਮੋੜ ਲਿਆ ਹੈ | ਜਿਸ ਕਾਰਨ ਬਹੁਤੀਆਂ ਸੰਪਰਕ ਸੜਕਾਂ ਦੇ ਨਾਂ-ਮਾਤਰ ਹੀ ਰਹਿ ਗਏ ਹਨ, ਜਾਂ ਖ਼ਤਮ ਹੀ ਹੋ ਗਏ ਹਨ | ਕਸਬਾ ਮਮਦੋਟ ਤੋਂ ਲੱਖੋਂ ਕੇ ਬਹਿਰਾਮ ਤੱਕ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ 18 ਫੁੱਟ ਚੌੜੀ ਹੋਈ ਸੜਕ ਦੇ ਤਾਂ ਕਈ ਥਾਵਾਂ 'ਤੇ ਕਿਨਾਰੇ ਬਿਲਕੁਲ ਨਾ ਹੋਣ ਕਾਰਨ ਸੜਕ ਤੇ ਪਾਇਆ ਪੱਥਰ,ਲੁੱਕ ਬਜਰੀ ਨਾਲ ਲੱਗਦੀਆਂ ਜ਼ਮੀਨਾਂ ਵਿਚ ਡਿਗ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ,ਜ਼ਿਲ੍ਹਾ ਪ੍ਰਸ਼ਾਸਨ, ਪੰਚਾਇਤ ਅਤੇ ਸੜਕੀ ਵਿਭਾਗ ਦੇ ਅਧਿਕਾਰੀਆਂ ਤੋਂ ਸੜਕਾਂ ਦੇ ਕਿਨਾਰਿਆਂ 'ਤੇ ਮਿੱਟੀ ਪਾਉਣ ਦੀ ਮੁਹਿੰਮ ਸ਼ੁਰੂ ਕਰਕੇ ਕਿਨਾਰੇ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ |