ਗੁਰੂਹਰਸਹਾਏ, 31 ਮਈ(ਸੰਧੂ)-ਪਿੰਡ ਕੌਹਰ ਸਿੰਘ ਵਾਲਾ ਨਵੇਂ ਲੱਗ ਰਹੇ ਮੋਬਾਈਲ ਟਾਵਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਸਮੂਹ ਨਗਰ ਨਿਵਾਸੀਆਂ ਨੇ ਮੀਟਿੰਗ ਕਰਕੇ ਪਿੰਡ ਦੀ ਰਿਹਾਇਸ਼ ਵਿਚ ਲੱਗ ਰਹੇ ਮੋਬਾਈਲ ਟਾਵਰ ਨੂੰ ਹਟਾਉਣ ਲਈ ਟਾਵਰ ਸਾਹਮਣੇ ਪੱਕਾ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ | ਮੀਟਿੰਗ 'ਚ ਕਿਰਤੀ ਕਿਸਾਨ ਯੂਨੀਅਨ ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸ਼ਾਮਿਲ ਹੋਏ | ਆਗੂਆਂ ਨੇ ਕਿਹਾ ਕਿ ਮੋਬਾਈਲ ਟਾਵਰ ਰਿਹਾਇਸ਼ੀ ਇਲਾਕੇ ਵਿਚ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ | ਉਹਨਾਂ ਕਿਹਾ ਕਿ ਜਿੱਥੇ ਮੋਬਾਈਲ ਟਾਵਰ ਰਿਹਾਇਸ਼ੀ ਇਲਾਕੇ ਵਿਚ ਆਪਣੀਆਂ ਰੇਡੀਏਸ਼ਨ ਕਰਕੇ ਲੋਕਾਂ ਦਾ ਨੁਕਸਾਨ ਕਰਦਾ ਹੈ ਉੱਥੇ ਹੀ ਬਹੁਤ ਲੰਬਾਈ ਹੋਣ ਕਰਕੇ ਹਨੇਰੀ ਅਤੇ ਤੂਫ਼ਾਨ ਵਿਚ ਆਬਾਦੀ ਉੱਪਰ ਡਿਗ ਕੇ ਲੋਕਾਂ ਦਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ | ਪਿਛਲੇ ਦਿਨੀ ਪੰਜਾਬ ਦੇ ਵਿਚ ਹੀ ਤੇਜ਼ ਹਨੇਰੀ ਕਰਕੇ ਟਾਵਰ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਆਗੂਆਂ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਨਗਰ ਕੋਹਰ ਸਿੰਘ ਵਾਲਾ ਵਿਚ ਨਾ ਵਾਪਰੇ ਇਸ ਕਰਕੇ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਜਲਦ ਤੋਂ ਜਲਦ ਇਸ ਟਾਵਰ ਨੂੰ ਰਿਹਾਇਸ਼ ਤੋਂ ਦੂਰ ਕਰਵਾਇਆ ਜਾਵੇ | ਉਹਨਾਂ ਕਿਹਾ ਕਿ ਮਾਮਲਾ ਫ਼ਿਰੋਜ਼ਪੁਰ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਜਾ ਚੁੱਕਾ ਹੈ ਅਤੇ ਹੁਣ ਪਿੰਡ ਵਾਸੀ ਤੇ ਜਥੇਬੰਦੀਆਂ ਇੱਥੇ ਸੰਘਰਸ਼ ਸ਼ੁਰੂ ਕਰਨ ਜਾ ਰਹੀਆਂ ਹਨ | ਇਸ ਮਾਮਲੇ ਨੂੰ ਲੈਕੇ ਪੱਕਾ ਧਰਨਾ ਟਾਵਰ ਦੇ ਸਾਹਮਣੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਵੀ ਕੰਪਨੀ ਦਾ ਅਧਿਕਾਰੀ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਇਸ ਟਾਵਰ ਨੂੰ ਬਿਜਲੀ ਦਾ ਕਨੈੱਕਸ਼ਨ ਜੋੜ ਕੇ ਚਲਾਉਣ ਦੀ ਕੋਸ਼ਿਸ਼ ਕਰੇਗਾ ਤੇ ਉਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸਾਹਿਬ ਸਿੰਘ ਕੋਹਰ ਸਿੰਘ ਵਾਲਾ,ਬੀਕੇਯੂ ਕਾਦੀਆਂ ਦੇ ਜਸਵੀਰ ਸਿੰਘ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪਰਮਜੀਤ ਸਿੰਘ ਨੇ ਸੰਬੋਧਨ ਕੀਤਾ ਹੈ |