ਫਿਰੋਜ਼ਪੁਰ, 1 ਜੂਨ (ਸੁਖਵਿੰਦਰ ਸਿੰਘ)-ਅਖੌਤੀ ਨਾਮਧਾਰੀ ਆਗੂ ਠਾਕਰ ਦਲੀਪ ਸਿੰਘ ਵਲੋਂ ਮਾਰਚ ਮਹੀਨੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਦਿੱਤੇ ਵਿਵਾਦਿਤ ਬਿਆਨ ਜਿਸ ਨੇ ਸਿੱਖ ਕੌਮ ਦੇ ਨਾਲ ਨਾਲ ਗੈਰ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਦਿੱਤੇ ਸਨ | ਜਿਸ ਵਿਚ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਮੰਨ ਕੇ ਆਪਣੇ ਆਪ ਨੂੰ ਦੇਹਧਾਰੀ ਗੁਰੂ ਸਾਬਤ ਕਰਨ ਦਾ ਯਤਨ ਕੀਤਾ ਸੀ ਅਤੇ ਇਸ ਬਿਆਨ ਤੋਂ ਫ਼ਿਰੋਜ਼ਪੁਰ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਇੰਟਰਨੈਸ਼ਨਲ ਪੰਥਕ ਦਲ, ਏਕ ਨੂਰ ਖ਼ਾਲਸਾ ਫ਼ੌਜ, ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਅਤੇ ਕਲਗ਼ੀਧਰ ਅੰਮਿ੍ਤ ਸੰਚਾਰ ਜਥਾ ਆਦਿ ਨੇ ਇਸ ਬਿਆਨ ਤੇ ਸਖ਼ਤ ਸਟੈਂਡ ਲੈਂਦਿਆਂ ਮੁੱਖ ਮੰਤਰੀ ਪੰਜਾਬ ਡੀ.ਜੀ.ਪੀ ਪੰਜਾਬ ਅਤੇ ਗ੍ਰਹਿ ਮੰਤਰਾਲੇ ਨੂੰ ਡਿਪਟੀ ਕਮਿਸ਼ਨ ਅਤੇ ਐਸ.ਐਸ.ਪੀ. ਰਾਹੀਂ ਰੋਸ ਜ਼ਾਹਿਰ ਕਰਦਿਆਂ ਮੰਗ ਪੱਤਰ ਦੇ ਕੇ ਇਸ ਅਖੌਤੀ ਆਗੂ ਵਿਰੁੱਧ ਕਾਰਵਾਈ ਕਰਾਉਣ ਲਈ ਅਪੀਲ ਕੀਤੀ ਗਈ ਸੀ | ਜਿਸ 'ਤੇ ਅੱਜ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਬਿਆਨ ਦਰਜ ਕੀਤੇ ਹਨ ਬਿਆਨ ਦਰਜ ਕਰਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਸਪਾਲ ਸਿੰਘ, ਲਖਬੀਰ ਸਿੰਘ ਮਹਾਲਮ, ਬਾਬਾ ਸਤਨਾਮ ਸਿੰਘ ਵੱਲੀਆਂ, ਹਿੰਮਤ ਸਿੰਘ, ਭਾਈ ਅਵਤਾਰ ਸਿੰਘ ਫ਼ੌਜੀ, ਭਾਈ ਬਲਕਾਰ ਸਿੰਘ ਆਦਿ ਨੇ ਦੱਸਿਆ ਹੈ ਕਿ ਸਾਰੇ ਸੰਸਾਰ ਵਿਚ ਇਹ ਗੱਲ ਸਪਸ਼ਟ ਹੈ ਕੀ ਗੁਰੂ ਜੀ ਵੱਲੋਂ ਮਾਨਵਤਾ ਨੂੰ ਅੱਜ ਤੋਂ ਬਾਅਦ ਕਿਸੇ ਦੇਹਧਾਰੀ ਗੁਰੂ ਦੀ ਥਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਆਦੇਸ਼ ਦਿੱਤਾ ਸੀ, ਜਿਸ ਨੂੰ ਸਮੁੱਚੀ ਮਾਨਵਤਾ ਮੰਨ ਰਹੀ ਹੈ | ਬੜੇ ਦੁੱਖ ਦੀ ਗੱਲ ਹੈ ਕਿ ਠਾਕਰ ਦਲੀਪ ਸਿੰਘ ਨੇ ਜੋ ਵਿਦੇਸ਼ ਤੋਂ ਬਿਆਨ ਜਾਰੀ ਕੀਤਾ ਹੈ ਕਿ ਉਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਆਗੂਆਂ ਨੇ ਇਹ ਵੀ ਕਿਹਾ ਕਿ ਜੋ ਇਸ ਬੇਅਦਬੀ ਭਰੇ ਬਿਆਨ ਦਾ ਠਾਕਰ ਦਲੀਪ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗਿ੍ਫਤਾਰ ਨਾ ਕੀਤਾ ਗਿਆ ਤਾਂ ਸਮੁੱਚੀ ਕੌਮ ਇਕ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ | ਇਸ ਸਮੇਂ ਉਕਤ ਆਗੂਆਂ ਦੇ ਨਾਲ ਡਾ. ਗੁਰਮੀਤ ਸਿੰਘ, ਕੁਲਦੀਪ ਸਿੰਘ ਨੰਢਾ, ਟਹਿਲ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ ਲੋਕੋ, ਕਿਰਨਦੀਪ ਸਿੰਘ ਪੱਲ੍ਹਾ, ਜਸਵੀਰ ਸਿੰਘ ਜੱਸ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਸਮੇਤ ਕਈ ਹੋਰ ਦਰਜਨਾਂ ਆਗੂ ਹਾਜ਼ਰ ਸਨ |