ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)-ਬੀਤੇ ਕੱਲ੍ਹ ਮਮਦੋਟ ਨੇੜਲੇ ਪਿੰਡ ਖੰੁਦਰ ਹਿਠਾੜ ਵਿਖੇ ਘਰ ਵਿਚ ਵੜ ਕੇ ਪਰਿਵਾਰ 'ਤੇ ਗੋਲੀ ਚਲਾਉਣ ਦੇ ਦੋਸ਼ਾਂ ਤਹਿਤ ਮਮਦੋਟ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਮਜ਼ਦ ਕਰਦਿਆਂ 2 ਹੋਰ ਅਣਪਛਾਤਿਆਂ ਖ਼ਿਲਾਫ਼ ਅਸਲਾ ਐਕਟ ਅਤੇ ਇਰਾਦਾ ਕਤਲ ਧਰਾਵਾਂ ਹੇਠ ਮੁਕੱਦਮਾ ਦਰਜ਼ ਕੀਤਾ ਹੈ | ਮਮਦੋਟ ਪੁਲਿਸ ਮੁਤਾਬਿਕ ਹਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖੰੁਦਰ ਹਿਠਾੜ ਨੇ ਬਿਆਨ ਦਿੱਤੇ ਸਨ ਕਿ ਐਤਵਾਰ ਵਾਲੇ ਦਿਨ ਕਰੀਬ 11ਵਜੇ ਸੁਖਦੇਵ ਸਿੰਘ ਅਬਰੋਲ ਆਪਣੀ ਫਾਰਚੁਨਰ ਗੱਡੀ ਨੰਬਰ ਪੀ-ਬੀ-05, ਏ-ਪੀ-0085 'ਤੇ ਆਪਣੇ ਦੋ ਹੋਰ ਸਾਥੀਆਂ ਸਮੇਤ ਉਸ ਦੇ ਘਰ ਦੇ ਸਾਹਮਣੇ ਆਇਆ 'ਤੇ ਉਸ ਨੇ ਪਿਸਟਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਮੁੱਦਈ ਨੇ ਅੱਗੇ ਦੱਸਿਆ ਕਿ ਜੱਦੋ ਉਸ ਦੇ ਲੜਕੇ ਸੁਖਚੈਨ ਸਿੰਘ ਨੇ ਸੁਖਦੇਵ ਸਿੰਘ ਨੂੰ ਘਰ ਅੱਗੇ ਫਾਇਰ ਕਰਨ ਬਾਰੇ ਪੁੱਛਿਆ ਤਾਂ ਉਸ ਨੇ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਸੁਖਚੈਨ ਸਿੰਘ ਦੇ ਮਾਰਿਆ ਜੋ ਉਸ ਦੀ ਬਾਂਹ 'ਤੇ ਲੱਗਿਆ 'ਤੇ ਜ਼ਖਮੀ ਹੋਏ ਸੁਖਚੈਨ ਸਿੰਘ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਮਮਦੋਟ ਵਿਖੇ ਦਾਖਲ ਕਰਵਾਇਆ ਗਿਆ | ਮੁਦਕੀ ਨੇ ਦੱਸਿਆ ਕਿ ਉਕਤ ਸੁਖਦੇਵ ਸਿੰਘ ਨੇ ਉਨ੍ਹਾਂ ਦੇ ਰਿਸ਼ਤੇਦਾਰ ਕੋਲੋਂ4 ਕਨਾਲ ਜ਼ਮੀਨ ਬਿਨਾਂ ਰਸਤੇ ਤੋਂ ਖ਼ਰੀਦੀ ਸੀ 'ਤੇ ਹੁਣ ਉਹ ਸਾਡੀ ਜ਼ਮੀਨ ਵੀ ਲੈਣੀ ਚਾਹੁੰਦਾ ਹੈ | ਪੁਲਿਸ ਵਲੋਂ ਸੁਖਦੇਵ ਸਿੰਘ ਪੁੱਤਰ ਚਮਨ ਲਾਲ ਵਾਸੀ ਫ਼ਿਰੋਜ਼ਪੁਰ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |