ਸੰਗਰੂਰ, 2 ਜੂਨ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ.ਸੀ. ਡਿਪਾਰਟਮੈਂਟ ਸਟੇਟ ਐਡਵਾਈਜ਼ਰੀ ਕੌਂਸਲ ਦੇ ਮੈਂਬਰ ਦਰਸ਼ਨ ਸਿੰਘ ਕਾਂਗੜਾ ਮੈਂਬਰ ਪੀ.ਪੀ.ਸੀ.ਸੀ. ਨੇ ਸਥਾਨਕ ਚੋਣਾਂ ਦੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਹਰਮਨ ਪਿਆਰਤਾ ਨਹੀਂ, ਬਲਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਧੱਕੇਸ਼ਾਹੀ ਅਤੇ ਵਿਰੋਧੀ ਉਮੀਦਵਾਰਾਂ ਨੂੰ ਡਰਾਉਣ-ਧਮਕਾਉਣ ਦਾ ਨਤੀਜਾ ਹਨ, ਜੋ ਲੋਕਤੰਤਰ ਲਈ ਚਿੰਤਾਜਨਕ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਦੇ ਫ਼ੈਸਲੇ ਦਾ ਸਤਿਕਾਰ ਕਰਦੀ ਹੈ, ਪਰ ਚੋਣਾਂ ਵਿਚ ਹੋਈਆਂ ਬੇਨਿਯਮੀਆਂ ਅਤੇ ਪ੍ਰਸ਼ਾਸਨਿਕ ਪੱਖਪਾਤ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਜਿਹੇ ਹੱਥਕੰਡਿਆਂ ਨਾਲ ਜਨਤਾ ਦਾ ਲੋਕਤੰਤਰ 'ਤੇ ਵਿਸ਼ਵਾਸ ਕਮਜ਼ੋਰ ਹੁੰਦਾ ਹੈ | ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਦਰਸ਼ਨ ਕਾਂਗੜਾ ਨੇ ਦੁਹਰਾਇਆ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਤੰਤਰਿਕ ਕਦਰਾਂ-ਕੀਮਤਾਂ ਅਤੇ ਜਨਤਾ ਦੇ ਅਧਿਕਾਰਾਂ ਲਈ ਸੰਘਰਸ਼ ਕਰਦੀ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਉਣ ਵਾਲੇ ਸਮੇਂ 'ਚ ਇਸ ਲੋਕ-ਵਿਰੋਧੀ ਨੀਤੀਆਂ ਦਾ ਜਵਾਬ ਲੋਕਤੰਤਰਿਕ ਤਰੀਕੇ ਨਾਲ ਦੇਣਗੇ | ਦਰਸ਼ਨ ਕਾਂਗੜਾ ਨੇ ਕਾਂਗਰਸੀ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੇਸ਼ੱਕ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਇਨ੍ਹਾਂ ਚੋਣਾਂ 'ਚ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਗਏ | ਇਸ ਦੇ ਬਾਵਜੂਦ ਕਾਂਗਰਸੀ ਵਰਕਰਾਂ ਵਲੋਂ ਇਹ ਚੋਣਾਂ ਬੜੀ ਮਜ਼ਬੂਤੀ ਅਤੇ ਦਲੇਰੀ ਨਾਲ ਲੜੀਆਂ ਗਈਆਂ, ਜਿਨ੍ਹਾਂ ਦੀ ਮਿਹਨਤ ਸਦਕਾ ਸੂਬੇ 'ਚ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਜਿੱਤ ਹਾਸਲ ਕੀਤੀ ਹੈ |