ਮੱਖੂ, 18 ਜੂਨ (ਵਰਿੰਦਰ ਮਨਚੰਦਾ)-ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਸਿੰਘ ਸਭਾ ਮੱਖੂ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕੇ ਭਰ ਤੋਂ ਆਈਆਂ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ। ਇਸ ਸੰਬੰਧ ’ਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਗਏ। ਉਪਰੰਤ ਗ੍ਰੰਥੀ ਸਿੰਘ ਬਾਬਾ ਬਲਜੀਤ ਸਿੰਘ ਦੇ ਜਥੇ ਵਲੋਂ ਗੁਰਬਾਣੀ ਦੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦਿਆਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਅਤੇ ਉਪਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।ਸਮਾਗਮ ਸਮਾਪਤੀ ’ਤੇ ਜਿੱਥੇ ਸੰਗਤਾਂ ’ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਉਥੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਜੀਤ ਸਿੰਘ ਕਾਲੜਾ, ਦਰਸ਼ਨ ਸਿੰਘ ਕਟਾਰੀਆ ਜ਼ਿਲ੍ਹਾ ਸਿੱਖਿਆ ਅਫ਼ਸਰ, ਜਸਬੀਰ ਸਿੰਘ ਕਿੰਡਰਗਾਰਟਨ, ਬਲਵਿੰਦਰ ਸਿੰਘ ਆੜ੍ਹਤੀ, ਗੁਰਨਾਮ ਸਿੰਘ ਸੇਵਾਦਾਰ, ਸੁਖਮਨੀ ਸੁਸਾਈਟੀ ਦੀਆਂ ਬੀਬੀਆਂ ਵਲੋਂ ਲੰਗਰ ਦੀ ਸੇਵਾ ਨਿਭਾਈ ਗਈ।