* ਨੰਗੀਆਂ ਤਾਰਾਂ ਬਣੀਆਂ ਲੋਕਾਂ ਲਈ ਖ਼ਤਰਾ
ਫ਼ਿਰੋਜ਼ਪੁਰ, 21 ਜੂਨ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਦੀ ਸੋਕੜ ਨਹਿਰ ਵਿਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿੱਥੇ ਬਿਜਲੀ ਦੇ ਬਕਸੇ ਮਿੱਟੀ ਵਿਚ ਦੱਬੇ ਹੋਏ ਹਨ ਅਤੇ ਕਈ ਥਾਵਾਂ ‘ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਖੁੱਲ੍ਹੀਆਂ ਪਈਆਂ ਹਨ। ਇਨ੍ਹਾਂ ਬਕਸਿਆਂ ਨੂੰ ਨਾ ਤਾਂ ਤਾਲੇ ਲੱਗੇ ਹੋਏ ਹਨ ਅਤੇ ਨਾ ਹੀ ਉਨ੍ਹਾਂ ਦੀ ਸਹੀ ਸੰਭਾਲ ਕੀਤੀ ਜਾ ਰਹੀ ਹੈ। ਇਹ ਹਾਲਾਤ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਜਿਸ ਕਾਰਨ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੋਕੜ ਨਹਿਰ ਸੜਕ ਤੋਂ ਕਰੀਬ 8 ਤੋਂ 9 ਫੁੱਟ ਨੀਵੀਂ ਹੈ। ਜਿਸ ਕਾਰਨ ਪਾਣੀ ਦੀ ਨਿਕਾਸੀ ਢੰਗ ਨਾਲ ਨਾ ਹੋਣ ਕਰਕੇ ਇੱਥੇ ਮੀਂਹ ਦਾ ਪਾਣੀ ਜਲਦੀ ਇਕੱਠਾ ਹੋ ਜਾਂਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਬਿਜਲੀ ਵਿਭਾਗ ਤੁਰੰਤ ਇਸ ਸਮੱਸਿਆ ਦਾ ਸਥਾਈ ਹੱਲ ਕਰੇ।ਲੋਕਾਂ ਦਾ ਕਹਿਣਾ ਹੈ ਕਿ ਬਰਸਾਤਾਂ ਦੌਰਾਨ ਇਨ੍ਹਾਂ ਬਕਸਿਆਂ ਵਿਚ ਪਾਣੀ ਭਰ ਜਾਣ ਕਾਰਨ ਜ਼ਮੀਨ ਵਿਚ ਕਰੰਟ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇੱਥੋਂ ਲੰਘਣ ਵਾਲੇ ਰਾਹਗੀਰਾਂ, ਬੱਚਿਆਂ ਅਤੇ ਪਸ਼ੂਆਂ ਦੀ ਜਾਨ ਹਰ ਵੇਲੇ ਜੋਖ਼ਮ ਵਿਚ ਰਹਿੰਦੀ ਹੈ। ਲੰਬੇ ਸਮੇਂ ਤੋਂ ਸੰਭਾਲ ਨਾ ਹੋਣ ਕਾਰਨ ਬਿਜਲੀ ਦੇ ਬਕਸਿਆਂ ਵਿੱਚ ਪੌਦੇ ਵੀ ਉੱਗ ਚੁੱਕੇ ਹਨ ਜੋ ਵਿਭਾਗ ਦੀ ਅਣਗਹਿਲੀ ਦੀ ਸਾਫ਼ ਤਸਵੀਰ ਪੇਸ਼ ਕਰਦੇ ਹਨ।ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਾ ਤਾਂ ਕੋਈ ਅਧਿਕਾਰੀ ਮੌਕੇ ‘ਤੇ ਪਹੁੰਚਿਆ ਅਤੇ ਨਾ ਹੀ ਜ਼ਿੰਮੇਵਾਰ ਕਰਮਚਾਰੀ ਫੋਨ ਚੁੱਕਦੇ ਹਨ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਲਾਪਰਵਾਹੀ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਬਿਜਲੀ ਦੇ ਬਕਸਿਆਂ ਦੀ ਮੁਰੰਮਤ ਕਰਕੇ ਨੰਗੀਆਂ ਤਾਰਾਂ ਨੂੰ ਢੱਕਿਆ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਲੋਕਾਂ ਦੀ ਜਾਨ ਨਾਲ ਖੇਡ ਬੰਦ ਕਰੋ, ਤੁਰੰਤ ਜਾਗੇ ਬਿਜਲੀ ਵਿਭਾਗ’ - ਕੌਂਸਲਰ
-ਕੌਂਸਲਰਾਂ ਨੇ ਸੋਕੜ ਨਹਿਰ ਨੇੜੇ ਬਿਜਲੀ ਦੇ ਦੱਬੇ ਹੋਏ ਬਕਸਿਆਂ ਅਤੇ ਨੰਗੀਆਂ ਤਾਰਾਂ ਦੇ ਮਾਮਲੇ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਲੋਕਾਂ ਦੀ ਸੁਰੱਖਿਆ ਨਾਲ ਸਿੱਧਾ ਜੁੜਿਆ ਹੋਇਆ ਹੈ ਅਤੇ ਬਿਜਲੀ ਵਿਭਾਗ ਦੀ ਅਣਗਹਿਲੀ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਵਿਚ ਇਨ੍ਹਾਂ ਬਕਸਿਆਂ ਵਿਚ ਪਾਣੀ ਭਰਨ ਅਤੇ ਕਰੰਟ ਫੈਲਣ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਜਿਸ ਕਾਰਨ ਇਲਾਕਾ ਵਾਸੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਮਿੱਟੀ ਵਿਚ ਦੱਬੇ ਬਿਜਲੀ ਬਕਸਿਆਂ ਨੂੰ ਤੁਰੰਤ ਉੱਪਰ ਚੁੱਕਿਆ ਜਾਵੇ। ਉਨ੍ਹਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਖ਼ਰਾਬ ’ਤੇ ਖੁੱਲ੍ਹੀਆਂ ਤਾਰਾਂ ਨੂੰ ਬਦਲਿਆ ਜਾਵੇ। ਕੌਂਸਲਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਦੇ ਨਾਲ ਮਿਲ ਕੇ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ।
ਕੀ ਕਹਿਣਾ ਹੈ ਜੇਈ ਅਖਿਲ ਕੁਮਾਰ
-ਇਸ ਸਬੰਧੀ ਜਦੋਂ ਜੇਈ ਅਖਿਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਇਸ ਦਾ ਹੱਲ ਜਲਦੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਕੇ ਦਾ ਜਾਇਜ਼ਾ ਲੈ ਕੇ ਮਿੱਟੀ ਵਿਚ ਦੱਬੇ ਬਿਜਲੀ ਬਕਸਿਆਂ ਅਤੇ ਨੰਗੀਆਂ ਤਾਰਾਂ ਨੂੰ ਠੀਕ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜੇਈ ਨੇ ਭਰੋਸਾ ਦਿਵਾਇਆ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ ‘ਤੇ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ।
ਸੋਕੜ ਨਹਿਰ ਇਲਾਕੇ ਵਿਚ ਮੌਤ ਨੂੰ ਸੱਦਾ ਦੇ ਰਹੇ ਨੇ ਬਿਜਲੀ ਦੇ ਬਕਸੇ
ਅਜੀਤ ਡੈਸਕ
22-06-2026