*ਸੱਤਾਧਾਰੀ ਪਾਰਟੀ ਵਲੋਂ ਸ੍ਰੀਮਤੀ ਸ਼ਿੰਦਰ ਕੌਰ ਢਿੱਲੋਂ ਅਤੇ ਧਰਮ ਪਾਲ ਚੁਘ ਦੌੜ ’ਚ ਸ਼ਾਮਿਲ
*ਵਿਧਾਇਕ ਨਰੇਸ਼ ਕਟਾਰੀਆ ਅਜੇ ਨਹੀਂ ਖੋਲ੍ਹ ਰਹੇ ਪੱਤੇ,ਕਾਂਗਰਸ ਪਾਰਟੀ ਵਲੋਂ ਜੋੜ-ਤੋੜ ਦਾ ਸਿਲਸਿਲਾ ਜਾਰੀa
ਜ਼ੀਰਾ, 21 ਜੂਨ (ਰਜਨੀਸ਼ ਕਥੂਰੀਆ)- 26 ਮਈ 2026 ਨੂੰ ਨਗਰ ਕੌਂਸਲ ਜ਼ੀਰਾ ਦੇ 17 ਵਾਰਡਾਂ ਦੇ ਕੌਂਸਲਰ ਦੀ ਚੋਣ ਕਰਨ ਲਈ ਪਈਆਂ ਵੋਟਾਂ ਦਾ ਪ੍ਰਸ਼ਾਸਨ ਵਲੋਂ ਨਤੀਜਾ 29 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨ ਦਿੱਤਾ ਗਿਆ ਸੀ। ਜਿਸ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 9, ਕਾਂਗਰਸ ਪਾਰਟੀ ਦੇ 7 ਅਤੇ 1 ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਸੀ। ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀ ਪ੍ਰਧਾਨਗੀ ਲਈ ਰਾਖਵੇਂਕਰਨ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋਣ ਦੇ ਬਾਵਜੂਦ ਹੋਈਆਂ ਚੋਣਾਂ ਨੂੰ ਲਗਭਗ ਇਕ ਮਹੀਨੇ ਦਾ ਸਮਾਂ ਬੀਤਣ ਵਾਲਾ ਹੈ, ਪਰ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨਗੀ ਦਾ ਮਾਮਲਾ ਅਜੇ ਤੱਕ ਵਿਚਾਲੇ ਲਟਕਿਆ ਹੋਇਆ ਹੈ। ਜਦੋਂਕਿ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸੱਜਦਾ ਹੈ। ਇਸ ਦੀ ਸ਼ਹਿਰ ਨਿਵਾਸੀਆਂ ਵਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨਗੀ ਦੇ ਦਾਅਵੇਦਾਰਾਂ ਤੇ ਨਜ਼ਰ ਮਾਰੀ ਜਾਵੇ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਦੇ ਧਰਮ ਪਤਨੀ ਸ੍ਰੀਮਤੀ ਸ਼ਿੰਦਰ ਕੌਰ ਢਿੱਲੋ ਅਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਮੀਤ ਪ੍ਰਧਾਨ ਧਰਮ ਪਾਲ ਚੁਘ ਦੌੜ ਵਿਚ ਸ਼ਾਮਿਲ ਹਨ। ਜਦੋਂਕਿ ਮੀਤ ਪ੍ਰਧਾਨ ਬਨਣ ਲਈ ਕਈ ਕੌਂਸਲਰ ਰੱਸਾਕਸ਼ੀ ਕਰ ਰਹੇ ਹਨ। ਇਸੇ ਤਰ੍ਹਾਂ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੇ ਭਾਵੇਂ 7 ਕੌਂਸਲਰ ਚੋਣ ਜਿੱਤੇ ਹਨ ਅਤੇ ਪ੍ਰਧਾਨਗੀ ਦੀ ਕੁਰਸੀ ਤੱਕ ਪਹੁੰਚਣ ਲਈ ਉਨਾਂ ਨੂੰ ਅਜੇ 2 ਹੋਰ ਕੌਂਸਲਰਾਂ ਦੀ ਲੋੜ ਹੈ, ਪਰ ਇਸ ਦੇ ਬਾਵਜੂਦ ਉਹਨਾਂ ਵਲੋਂ ਵੀ ਅੰਦਰਖਾਤੇ ਆਪਣੇ ਜੇਤੂ ਕੌਂਸਲਰ ਪ੍ਰਿਤਪਾਲ ਸਿੰਘ ਉਰਫ ਕਾਕਾ ਜੈਲਦਾਰ ਨੂੰ ਪ੍ਰਧਾਨ ਬਣਾਉਣ ਲਈ ਆਪਣੀ ਪਾਰਟੀ ਦੇ ਕੌਂਸਲਰਾਂ ਨਾਲ ਮੀਟਿੰਗਾਂ ਕਰਨ ਦੇ ਨਾਲ-ਨਾਲ ਅੰਦਰਖਾਤੇ ਜੋੜ-ਤੋੜ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਭ ਦੇ ਬਾਵਜੂਦ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਪ੍ਰਧਾਨਗੀ ਨੂੰ ਲੈ ਕੇ ਅਜੇ ਸਥਿਤੀ ਸਪਸ਼ਟ ਨਹੀਂ ਕੀਤੀ ਜਾ ਰਹੀ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਮਿਤੀ 22 ਜੂਨ 2026 ਦਿਨ ਸੋਮਵਾਰ ਨੂੰ ਪ੍ਰਸ਼ਾਸਨ ਵਲੋਂ ਏਜੰਡਾ ਕੱਢੇ ਜਾਣ ਦੀ ਉਮੀਦ ਹੈ। ਜਿਸ ਤੋਂ ਬਾਅਦ ਇਸੇ ਹਫਤੇ ਪ੍ਰਧਾਨਗੀ ਦੀ ਚੋਣ ਦਾ ਅਮਲ ਵੀ ਮੁਕੰਮਲ ਕਰ ਲੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਇਸ ਸਬੰਧ ਵਿਚ ਜਦੋਂ ਐਸ. ਡੀ.ਐਮ.ਕਮ ਚੋਣ ਰਿਟਰਨਿੰਗ ਅਫਸਰ ਜ਼ੀਰਾ ਸੂਰਜ ਕੁਮਾਰ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਉਚ ਅਧਿਕਾਰੀਆਂ ਪਾਸੋਂ ਅਜੇ ਤੱਕ ਕੋਈ ਵੀ ਹਦਾਇਤ ਪ੍ਰਾਪਤ ਨਹੀਂ ਹੋਈ ਅਤੇ ਜਦੋਂ ਹਦਾਇਤ ਪ੍ਰਾਪਤ ਹੋਵੇਗੀ ਉਸ ਨੂੰ ਜਨਤਕ ਕਰ ਦਿੱਤਾ ਜਾਵੇਗਾ।
ਕਿਸ ਦੇ ਸਿਰ ਸਜੇਗਾ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨਗੀ ਦਾ ਤਾਜ ਸ਼ਹਿਰ ਨਿਵਾਸੀਆਂ ਨੂੰ ਬੇਸਬਰੀ ਨਾਲ ਉਡੀਕ !
ਅਜੀਤ ਡੈਸਕ
22-06-2026