10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਓਲੰਪੀਅਨ ਗਗਨ ਅਜੀਤ ਸਿੰਘ ਨੇ ਫ਼ਿਰੋਜ਼ਪੁਰ ਦੇ ਹਾਕੀ ਖਿਡਾਰੀਆਂ ਨੂੰ ਦਿੱਤੀ ਆਧੁਨਿਕ ਜਿੰਮ ਦੀ ਸੌਗਾਤ

Ad Position 21
No active advertisement
ਅਜੀਤ ਡੈਸਕ 01-07-2026
ਫ਼ਿਰੋਜ਼ਪੁਰ, 30 ਜੂਨ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਦੀ ਹਾਕੀ ਪਰੰਪਰਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਓਲੰਪੀਅਨ ਅਤੇ ਮੌਜੂਦਾ ਸਮੇਂ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਵਲੋਂ ਬੀਤੀ ਸ਼ਾਮ ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਹਾਕੀ ਖਿਡਾਰੀਆਂ ਲਈ ਤਿਆਰ ਕਰਵਾਏ ਗਏ ਆਧੁਨਿਕ ਜਿੰਮ ਦਾ ਉਦਘਾਟਨ ਕੀਤਾ ਗਿਆ। ਇਹ ਜਿੰਮ ਉਨ੍ਹਾਂ ਨੇ ਆਪਣੇ ਪਿਤਾ ਅਤੇ ਪ੍ਰਸਿੱਧ ਓਲੰਪੀਅਨ ਅਜੀਤ ਸਿੰਘ ਦੇ ਨਾਂ ’ਤੇ ਸਥਾਪਿਤ ਕੀਤਾ ਹੈ। ਇਸ ਤੋਂ ਇਲਾਵਾ ਬਾਬਾ ਸ਼ੇਰ ਸ਼ਾਹ ਵਲੀ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਆਪਣੇ ਵਲੋਂ ਕੰਪੋਜ਼ਿਟ ਹਾਕੀਆਂ ’ਤੇ ਗੇਂਦਾਂ ਵੀ ਪ੍ਰਦਾਨ ਕੀਤੀਆਂ। ਇਸ ਮੌਕੇ ਨੌਜਵਾਨ ਖਿਡਾਰੀਆਂ ਤੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਓਲੰਪੀਅਨ ਗਗਨ ਅਜੀਤ ਸਿੰਘ ਨੇ ਕਿਹਾ ਕਿ ਫ਼ਿਰੋਜ਼ਪੁਰ ਦੀ ਧਰਤੀ ਨੇ ਦੇਸ਼ ਨੂੰ ਕਈ ਨਾਮਵਰ ਹਾਕੀ ਖਿਡਾਰੀ ਦਿੱਤੇ ਹਨ ਅਤੇ ਇਸ ਵਿਰਾਸਤ ਨੂੰ ਅੱਗੇ ਵਧਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਅਤੇ ਸਹੀ ਮਾਰਗ ਦਰਸ਼ਨ ਮਿਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਜਿੰਮ ਆਪਣੇ ਪਿਤਾ ਓਲੰਪੀਅਨ ਅਜੀਤ ਸਿੰਘ ਨੂੰ ਸਮਰਪਿਤ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਉਮੀਦ ਹੈ ਕਿ ਇਸ ਨਾਲ ਨੌਜਵਾਨ ਖਿਡਾਰੀ ਆਪਣੀ ਸਰੀਰਕ ਸਮਰੱਥਾ ਅਤੇ ਖੇਡ ਪ੍ਰਦਰਸ਼ਨ ਵਿਚ ਹੋਰ ਨਿਖਾਰ ਲਿਆਉਣਗੇ। ਇਸ ਮੌਕੇ ਹਾਕੀ ਫ਼ਿਰੋਜ਼ਪੁਰ ਐਸੋਸੀਏਸ਼ਨ ਦੇ ਪ੍ਰਧਾਨ ਅਨੀਰੁੱਧ ਗੁਪਤਾ ਨੇ ਗਗਨ ਅਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੰਮ ਫ਼ਿਰੋਜ਼ਪੁਰ ਦੇ ਹਾਕੀ ਖਿਡਾਰੀਆਂ ਲਈ ਇਕ ਵੱਡੀ ਸੌਗਾਤ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਫਿਟਨੈੱਸ ਸਹੂਲਤਾਂ ਨਾਲ ਖਿਡਾਰੀਆਂ ਨੂੰ ਉੱਚ ਪੱਧਰੀ ਤਿਆਰੀ ਕਰਨ ਵਿਚ ਮਦਦ ਮਿਲੇਗੀ, ਜਿਸ ਦਾ ਲਾਭ ਆਉਣ ਵਾਲੇ ਸਮੇਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੌਰਾਨ ਨਜ਼ਰ ਆਵੇਗਾ। ਹਾਕੀ ਕੋਚ ਮਨਮੀਤ ਸਿੰਘ ਰੂਬਲ ਨੇ ਕਿਹਾ ਕਿ ਜਿੰਮ ਦੀ ਸਹੂਲਤ ਮਿਲਣ ਨਾਲ ਖਿਡਾਰੀਆਂ ਦੀ ਫਿਟਨੈੱਸ ਅਤੇ ਤਕਨੀਕੀ ਤਿਆਰੀ ਵਿਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਗਗਨ ਅਜੀਤ ਸਿੰਘ ਦਾ ਇਹ ਉਪਰਾਲਾ ਫ਼ਿਰੋਜ਼ਪੁਰ ਵਿਚ ਹਾਕੀ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਨਵਸੇਰ ਸਿੰਘ, ਸੇਵਾ ਮੁਕਤ ਜ਼ਿਲ੍ਹਾ ਖੇਡ ਅਫ਼ਸਰ ਹਰਨਰਾਇਣ ਸਿੰਘ ਲਾਡੀ, ਜਸਪ੍ਰੀਤ ਸਿੰਘ ਬਾਬਾ, ਮਨਿੰਦਰ ਹਾਂਡਾ, ਤੇਜਬੀਰ ਸਿੰਘ, ਅਸ਼ੋਕ ਪਸਰੀਚਾ, ਆਸ਼ੂ ਪੰਡਿਤ, ਜੀਵਨ ਸ਼ਰਮਾ, ਸੁਨੀਲ ਕੁਮਾਰ ਕੈਟ, ਗੁਰਪ੍ਰੀਤ ਸਿੰਘ, ਕਰਨਦੀਪ ਸਿੰਘ ,ਗੁਰਸੇਵਕ ਸਿੰਘ, ਸੁਨੀਲ ਕੁਮਾਰ, ਪਵਨ ਕੁਮਾਰ ਤੋਂ ਇਲਾਵਾ ਹਾਕੀ ਨਾਲ ਜੁੜੇ ਖੇਡ ਪ੍ਰੇਮੀ, ਕੋਚ, ਖਿਡਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਹਾਜ਼ਰ ਸ਼ਖ਼ਸੀਅਤਾਂ ਨੇ ਓਲੰਪੀਅਨ ਗਗਨ ਅਜੀਤ ਸਿੰਘ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਨੂੰ ਫ਼ਿਰੋਜ਼ਪੁਰ ਵਿਚ ਹਾਕੀ ਦੇ ਵਿਕਾਸ ਲਈ ਇਕ ਇਤਿਹਾਸਕ ਕਦਮ ਕਰਾਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਇਨਲਿਸਟਮੈਂਟ ਕਾਮਿਆਂ ਨੂੰ ਨਵੇਂ ਕਾਨੂੰਨ ’ਚ ਸ਼ਾਮਲ ਨਾ ਕਰਨ ’ਤੇ ਜਲ ਸਪਲਾਈ ਵਰਕਰਾਂ ਵਲੋਂ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਮੰਡੀ ’ਚ ਫੈਲੀ ਗੰਦਗੀ-ਧੀਮਾਨ
Ad Position 24