ਫ਼ਿਰੋਜ਼ਪੁਰ, 30 ਜੂਨ (ਕੁਲਬੀਰ ਸਿੰਘ ਸੋਢੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਫਿਰੋਜ਼ਪੁਰ ਵਲੋਂ ਡੀ.ਸੀ ਦੀਪ ਸ਼ਿਖਾ ਸ਼ਰਮਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰੁਚਿਕਾ ਨੰਦਾ ਨੂੰ ਇਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਅਧੀਨ ਫਾਰਮ ਆਨਲਾਈਨ ਕਰਨ ਵਿਚ ਆਂਗਣਵਾੜੀ ਵਰਕਰਾਂ ਨੂੰ ਆ ਰਹੀਆਂ ਗੰਭੀਰ ਮੁਸ਼ਕਲਾਂ ਅਤੇ ਪਿੰਡਾਂ ਵਿਚ ਸਰਪੰਚਾਂ ਵਲੋਂ ਕੀਤੀ ਜਾ ਰਹੀ ਕਥਿਤ ਪਾਰਟੀਬਾਜ਼ੀ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਚ ਇਸ ਸਕੀਮ ਅਧੀਨ ਫਾਰਮ ਆਨਲਾਈਨ ਕਰਨ ਦਾ ਕੰਮ ਚੱਲ ਰਿਹਾ ਹੈ, ਪਰ ਫਿਰੋਜ਼ਪੁਰ ਸ਼ਹਿਰ ਦੇ ਐੱਮ.ਸੀ. ਅਤੇ ਪਿੰਡਾਂ ਦੇ ਸਰਪੰਚਾਂ ਵਲੋਂ ਰੱਖੀਆਂ ਗਈਆਂ ਬਹੁਤੀਆਂ ਸਥਾਨਕ ਮੈਂਬਰ (ਸਖੀ ) ਅਨਪੜ੍ਹ ਹਨ, ਜੋ ਖੁਦ ਕੰਮ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਦੇ ਹਿੱਸੇ ਦਾ ਕੰਮ ਉਨ੍ਹਾਂ ਦੇ ਘਰੇਲੂ ਮੈਂਬਰ ਜਿਵੇਂ ਪਤੀ ਜਾਂ ਪੁੱਤਰ ਕਰਦੇ ਹਨ। ਜਿਸ ਕਾਰਨ ਫਾਰਮਾਂ ਵਿਚ ਵੱਡੀਆਂ ਗਲਤੀਆਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਦੋਸ਼ ਲਗਾਇਆ ਗਿਆ ਹੈ ਕਿ ਪਿੰਡਾਂ ਵਿਚ ਸਰਪੰਚਾਂ ਵਲੋਂ ਸ਼ਰੇਆਮ ਪਾਰਟੀਬਾਜ਼ੀ ਕੀਤੀ ਜਾ ਰਹੀ ਹੈ ਅਤੇ ਸਿਰਫ਼ ਆਪਣੇ ਚਹੇਤੇ ਪਾਰਟੀ ਮੈਂਬਰਾਂ ਦੇ ਹੀ ਫਾਰਮ ਭਰੇ ਜਾ ਰਹੇ ਹਨ। ਦੂਜੇ ਪਾਸੇ ‘ਐੱਮ ਸੇਵਾ’ ਐਪ ਦੀ ਸਰਵਰ ਸਪੀਡ ਬਹੁਤ ਜ਼ਿਆਦਾ ਹੌਲੀ ਹੋਣ ਕਾਰਨ ਫਾਰਮ ਆਨਲਾਈਨ ਕਰਨ ਵਿਚ ਭਾਰੀ ਦੇਰੀ ਹੋ ਰਹੀ ਹੈ। ਜਥੇਬੰਦੀ ਦੇ ਅਗੁਆ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਐੱਮ.ਸੀ., ਆਪ ਅਗੁਆ ਅਤੇ ਸਰਪੰਚਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ। ਆਂਗਣਵਾੜੀ ਵਰਕਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਿਨ੍ਹਾਂ ਥਾਵਾਂ ’ਤੇ ਲੜਾਈ-ਝਗੜੇ ਹੋਏ ਹਨ। ਉੱਥੇ ਵਰਕਰਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਕੌਰ, ਜ਼ਿਲ੍ਹਾ ਕੈਸ਼ੀਅਰ ਰਣਜੀਤ ਕੌਰ, ਬਲਵਿੰਦਰ ਕੌਰ, ਸ਼ਰਨਜੀਤ ਕੌਰ, ਗੁਰਮੀਤ ਕੌਰ ਅਤੇ ਵੀਰਪਾਲ ਕੌਰ ਸਮੇਤ ਕਈ ਆਗੂ ਹਾਜ਼ਰ ਸਨ।