ਕੁੱਲਗੜ੍ਹੀ, 30 ਜੂਨ (ਸੁਖਜਿੰਦਰ ਸਿੰਘ ਸੰਧੂ)-ਵਣ ਰੇਂਜਰ ਅਤੇ ਉਪ ਵਣ ਰੇਂਜਰ ਐਸੋਸੀਏਸ਼ਨ ਨੇ ਵਣ ਵਿਭਾਗ ਅੰਦਰ ਵਣ ਰੇਂਜਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨ ਦੀ ਮੰਗ ਕੀਤੀ ਹੈ ਐਸੋਸੀਏਸ਼ਨ ਦੇ ਸੀਨੀਅਰ ਆਗੂ ਅਤੇ ਵਣ ਰੇਂਜ ਅਫ਼ਸਰ ਫ਼ਿਰੋਜ਼ਪੁਰ ਗੁਰਜੀਤ ਸਿੰਘ ਬਰਾੜ ਨੇ ਇਕ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਵਣ ਵਿਭਾਗ ਅੰਦਰ ਵਣ ਰੇਂਜਰਾਂ ਦੀ ਚੱਲ ਰਹੀ ਭਾਰੀ ਘਾਟ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਿਚ ਵਣ ਰੇਂਜਰਾਂ ਦੀਆਂ ਕੁੱਲ 107 ਪ੍ਰਵਾਨਿਤ ਪੋਸਟਾਂ ਵਿਚੋਂ 96 ਪੋਸਟਾਂ ਖ਼ਾਲੀ ਪਈਆਂ ਹਨ। ਸਾਲ 2000 ਤੋਂ ਬਾਅਦ ਕੋਈ ਵੀ ਸਿੱਧੀ ਭਰਤੀ ਨਾ ਹੋਣ ਕਾਰਨ ਸਿੱਧੀ ਭਰਤੀ ਕੋਟੇ ਦੀਆਂ ਸਾਰੀਆਂ 75 ਪੋਸਟਾਂ ਖ਼ਾਲੀ ਹਨ। ਤਰੱਕੀ ਵਾਲੇ ਕੋਟੇ ਦੀਆਂ 32 ਪੋਸਟਾਂ ਵਿਚੋਂ 21 ਪੋਸਟਾਂ ਖ਼ਾਲੀ ਹਨ ਅਤੇ ਇਸ ਸਮੇਂ ਸੂਬੇ ਭਰ ਵਿਚ ਸਿਰਫ਼ 11 ਵਣ ਰੇਂਜਰ ਹੀ ਕੰਮ ਕਰ ਰਹੇ ਹਨ। ਐਸੋਸੀਏਸ਼ਨ ਆਗੂ ਨੇ ਕਿਹਾ ਕਿ ਵਾਤਾਵਰਨ ਵਰਗੇ ਅਹਿਮ ਮੁੱਦੇ ਦੇ ਬਾਵਜੂਦ ਵਿਭਾਗ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਇਸ ਗਰੁੱਪ-ਬੀ ਅਸਾਮੀ ਦਾ ਖ਼ਾਲੀ ਹੋਣਾ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਨੇ ਇੱਕ ਮਤਾ ਪਾਸ ਕਰਕੇ ਮੁੱਖ ਮੰਤਰੀ ਅਤੇ ਵਣ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਵਣ ਰੇਂਜਰਾਂ ਦੇ ਗਰੁੱਪ-ਬੀ ਦੇ ਨਵੇਂ ਨਿਯਮਾਂ ਨੂੰ ਪੰਜਾਬ ਕੈਬਨਿਟ ਵਿਚੋਂ ਪਹਿਲ ਦੇ ਆਧਾਰ ’ਤੇ ਪਾਸ ਕਰਵਾ ਕੇ ਸਿੱਧੀ ਭਰਤੀ ਤੁਰੰਤ ਸ਼ੁਰੂ ਕੀਤੀ ਜਾਵੇ। ਇਸ ਨਾਲ ਵਾਤਾਵਰਨ ਦੀ ਸੰਭਾਲ ਸਹੀ ਤਰੀਕੇ ਨਾਲ ਹੋ ਸਕੇਗੀ ਅਤੇ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ, ਜਿਸ ਨਾਲ ਬੱਚਿਆਂ ਦਾ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਵੀ ਘਟੇਗਾ। ਇਸ ਮੌਕੇ ਇਕਬਾਲ ਸਿੰਘ ਧੂਰੀ, ਰੀਤਮਹਿੰਦਰ ਪਾਲ ਸਿੰਘ, ਮੋਹਨ ਸਿੰਘ ਸਵੈਚ, ਰਘੁਵੀਰ ਸਿੰਘ ਚੌਧਰੀ ਅਤੇ ਡਿਪਟੀ ਰੇਂਜਰ ਬਿਨੋਦ ਕੁਮਾਰ, ਸੁਖਵਿੰਦਰ ਸਿੰਘ ਚੌਹਾਨ, ਬੋਹੜ ਸਿੰਘ, ਜਸਪਾਲ ਸਿੰਘ, ਹਰਗੁਰਨੇਕ ਸਿੰਘ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।