ਮਮਦੋਟ, 2 ਜੁਲਾਈ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਫ਼ਿਰੋਜਪੁਰ ਜ਼ਿਲ੍ਹੇ ਦੇ ਮਮਦੋਟ ਇਲਾਕੇ ਦੇ ਸਰਹੱਦੀ ਖੇਤਰ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਦੇਣ ਵਾਲੀ ਲਛਮਣ ਨਹਿਰ ਵਿਚ ਪਿੰਡ ਰਾਉ ਕੇ ਹਿਠਾੜ ਕੋਲ ਵੱਡਾ ਪਾੜ ਪੈ ਗਿਆ ਹੈ। ਜਿਸ ਵਿਚ ਨਿਕਲੇ ਪਾਣੀ ਨਾਲ 300-400 ਏਕੜ ਝੋਨੇ, ਸਬਜ਼ੀਆਂ ਅਤੇ ਹਰੇ ਚਾਰੇ ਦੀ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨਾਂ ਦਾ ਦੋਸ਼ ਸੀ ਕਿ ਨਹਿਰੀ ਵਿਭਾਗ ਵਲੋਂ ਇਸ ਨਹਿਰ ਦੀ ਸਫ਼ਾਈ ਨਹੀਂ ਕਰਵਾਈ ਗਈ। ਜਿਸ ਕਾਰਨ ਪਹਿਲਾਂ ਹੀ ਨਹਿਰ ਕਿਨਾਰਿਆਂ ਤੱਕ ਚੱਲ ਰਹੀ ਸੀ, ਉੱਪਰੋਂ ਪਏ ਮੀਂਹ ਕਾਰਨ ਨਹਿਰ ਵਿਚ ਪਾਣੀ ਵਧ ਜਾਣ ਕਾਰਨ ਨਹਿਰ ਵਿਚ ਪਾੜ ਪੈ ਗਿਆ। ਕਿਸਾਨਾਂ ਨੇ ਦੱਸਿਆ ਕਿ ਜਦੋਂ ਨਹਿਰ ਵਿਚ ਪਾੜ ਪਿਆ, ਉਸ ਵਕਤ ਹੀ ਨਹਿਰੀ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਪਰੰਤੂ ਅੱਧਾ ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਨਹਿਰੀ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਇਸ ਪਾੜ ਨੂੰ ਬੰਦ ਕਰਨ ਲਈ ਨਹੀਂ ਪਹੁੰਚੇ। ਉੱਧਰ ਨਹਿਰ ਵਿਚ ਪਏ ਪਾੜ ਸੰਬੰਧੀ ਨਹਿਰੀ ਵਿਭਾਗ ਦੇ ਸੰਬੰਧਿਤ ਜੇ.ਈ.ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆਂ ਕਿ ਬੀਤੀ ਰਾਤ ਭਾਰੀ ਮੀਂਹ ਦੌਰਾਨ ਨਹਿਰ ਦੇ ਸ਼ੁਰੂਆਤੀ ਹਿੱਸੇ ਵਾਲੇ ਕਿਸਾਨਾਂ ਵਲੋਂ ਮੋਘੇ ਬੰਦ ਕਰ ਦਿੱਤੇ ਗਏ। ਜਿਸ ਕਾਰਨ ਨਹਿਰ ਦੇ ਪਿਛਲੇ ਹਿੱਸੇ ਵਿਚ ਪਾਣੀ ਵਧਣ ਕਾਰਨ ਪਾੜ ਪੈ ਗਿਆ। ਉਨ੍ਹਾਂ ਦੱਸਿਆ ਕਿ ਨਹਿਰ ਵਿਚ ਪਿੱਛੋਂ ਪਾਣੀ ਬੰਦ ਕਰ ਦਿੱਤਾ ਗਿਆ ਹੈ, ਅਤੇ ਵਿਭਾਗ ਵਲੋਂ ਮਜ਼ਦੂਰ ਲਗਾ ਕੇ ਮਿੱਟੀ ਦੇ ਗੱਟੇ ਭਰੇ ਜਾ ਰਹੇ ਹਨ। ਜਿਵੇਂ ਹੀ ਪਾਣੀ ਦਾ ਵਹਾਅ ਘੱਟ ਹੋ ਗਿਆ, ਮਿੱਟੀ ਦੇ ਗੱਟੇ ਲਗਾ ਕੇ ਪਾੜ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉੱਧਰ ਪਾਣੀ ਵਿਚ ਡੁੱਬੀਆਂ ਫ਼ਸਲਾਂ ਵਾਲੇ ਕਿਸਾਨਾਂ ਦਾ ਦੋਸ਼ ਸੀ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ ਹਨ। ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।