ਜ਼ੀਰਾ, 2 ਜੁਲਾਈ (ਹਰਜੀਤ ਸਿੰਘ ਗਿੱਲ)-ਬੀਤੀ ਰਾਤ ਜ਼ੀਰਾ ਸ਼ਹਿਰ ਅਤੇ ਨੇੜਲੇ ਪਿੰਡਾਂ ਵਿਖੇ ਦਰਮਿਆਨੇ ਤੋਂ ਭਾਰਾ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਪਰ ਜ਼ੀਰਾ ਵਿਖੇ ਵੱਖ ਸੜਕਾਂ ’ਤੇ ਭਾਰੀ ਮਾਤਰਾ ਵਿਚ ਪਾਣੀ ਖੜ੍ਹਨ ਕਰਕੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨਾਂ ਤੋਂ ਮੀਂਹ ਨਾ ਪੈਣ ਕਰਕੇ ਕਿਸਾਨਾਂ ਨੂੰ ਔੜ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹੀਂ ਦਿਨੀਂ ਸਾਉਣੀ ਦੀ ਮੁੱਖ ਫ਼ਸਲ ਝੋਨਾ ਲਗਾਉਣ ਤੇ ਇਸ ਨੂੰ ਪਾਲਨ ਵਿਚ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਬੀਤੀ ਰਾਤ ਇਲਾਕੇ ਵਿਚ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਪੈਣ ਨਾਲ ਕਿਸਾਨ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਦੂਸਰੇ ਪਾਸੇ ਜ਼ੀਰਾ ਦੇ ਬੱਸ ਅੱਡਾ, ਘੰਟਾ ਘਰ ਚੌਂਕ, ਫ਼ਿਰੋਜ਼ਪੁਰ ਰੋਡ, ਨਵੀਂ ਤਲਵੰਡੀ ਰੋਡ ਅਤੇ ਮੱਖੂ ਰੋਡ ਆਦਿ ਬਹੁਤ ਸਾਰੀਆਂ ਸੜਕਾਂ ’ਤੇ ਵੱਖ-ਵੱਖ ਗਲੀ ਮੁਹੱਲਿਆਂ ਵਿਚ ਭਾਰੀ ਮਾਤਰਾ ’ਚ ਪਾਣੀ ਇਕੱਠਾ ਹੋ ਗਿਆ। ਜਿਸ ਕਰਕੇ ਇਹ ਸੜਕਾਂ ਇਕ ਵਾਰ ਤਾਂ ਨਦੀਆਂ ਦਾ ਰੂਪ ਧਾਰਨ ਕਰ ਗਈਆਂ। ਇਸ ਦੌਰਾਨ ਇੱਥੋਂ ਲੰਘਣ ਵਾਲੇ ਰਾਹਗੀਰਾਂ ’ਤੇ ਸਥਾਨਿਕ ਰਿਹਾਇਸ਼ ਲੋਕਾਂ ਦੇ ਨਾਲ- ਨਾਲ ਸਥਾਨਕ ਦੁਕਾਨਦਾਰਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।