ਮੱਖੂ,5 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਯਾਦਗਾਰੀ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਫੇਮੀਵਾਲਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ,ਮੁੱਖ ਪ੍ਰਬੰਧਕ ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ ਦੀ ਅਗਵਾਈ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਲੜੀਵਾਰ ਚੱਲ ਰਹੇ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਪਾਏ ਗਏ ਅਤੇ ਸਜੇ ਧਾਰਮਿਕ ਦੀਵਾਨਾਂ ਵਿਚ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਦੇ ਜਥੇ ਤੋਂ ਇਲਾਵਾ ਗਿਆਨੀ ਦਲਬੀਰ ਸਿੰਘ ਦਰਦੀ,ਭਾਈ ਜਸਵਿੰਦਰ ਸਿੰਘ ਪਾਰਸ ਅਤੇ ਹੋਰ ਰਾਗੀ, ਢਾਡੀ, ਕਵੀਸ਼ਰ ਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ,ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਿਆ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਖਾਲਸਾ) ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦੱਸਿਆ ਕਿ ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ ਵਲੋਂ ਹਰ ਸਾਲ ਇਸ ਅਸਥਾਨ ’ਤੇ ਗੁਰੂ ਸਾਹਿਬ ਦਾ ਆਗਮਨ ਪੁਰਬ ਮਨਾਉਣ ਦੀ ਪਰੰਪਰਾ ਨਿਭਾਈ ਜਾ ਰਹੀ ਹੈ। ਇਸ ਸਾਲ ਵੀ 15 ਜੂਨ ਤੋਂ ਸ਼ੁਰੂ ਹੋਈ ਅਖੰਡ ਪਾਠ ਸਾਹਿਬ ਦੀ ਲੜੀ ਦੇ ਅੰਤਿਮ ਭੋਗ ਅੱਜ ਪਾਏ ਗਏ। ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ ਦੀ ਅਗਵਾਈ ਹੇਠ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸ਼ਾਨਦਾਰ ਮਹੱਲਾ ਸਜਾਇਆ ਗਿਆ। ਘੋੜਸਵਾਰੀ, ਗਤਕਾ,ਨੰਗੀਆਂ ਤਲਵਾਰਾਂ ਦੇ ਜੌਹਰ,ਪੈਂਤੜੇ ਅਤੇ ਰਵਾਇਤੀ ਸ਼ਸਤਰ ਵਿਦਿਆ ਦੇ ਦਿਲਕਸ਼ ਪ੍ਰਦਰਸ਼ਨਾਂ ਨੇ ਸੰਗਤ ਨੂੰ ਸਿੱਖਾਂ ਦੇ ਸ਼ਾਨਾਮੱਤੇ ਯੋਧਾ ਵਿਰਸੇ ਨਾਲ ਜੋੜਿਆ। ਇਸ ਮੌਕੇ ਮਹੱਲੇ ਵਿਚ ਸ਼ਾਮਲ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰਾਂ ਨੂੰ ਸਿਰੋਪਾਓ ਅਤੇ ਮਾਇਆ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਰਖਵਾਉਣ ਵਾਲੇ ਸ਼ਰਧਾਲੂਆਂ, ਸੰਤ-ਮਹਾਪੁਰਸ਼ਾਂ ਅਤੇ ਹੋਰ ਸਨਮਾਨਿਤ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਉਪਰੰਤ ਗੁਰੂ ਕੇ ਅਤੁੱਟ ਲੰਗਰ, ਦੇਗਾਂ ਅਤੇ ਸਰਦਾਈਆਂ ਦੀ ਸੇਵਾ ਨਿਰੰਤਰ ਚੱਲਦੀ ਰਹੀ।ਇਸ ਮੌਕੇ ਜਥੇਦਾਰ ਬਾਬਾ ਹੈਪੀ ਸਿੰਘ ਖਾਲਸਾ,ਜਥੇਦਾਰ ਗੁਰਮੀਤ ਸਿੰਘ,ਜਥੇਦਾਰ ਪ੍ਰਗਟ ਸਿੰਘ,ਬਾਬਾ ਰਾਜੂ ਮਜੀਠਾ ਬਾਈਪਾਸ,ਜਥੇਦਾਰ ਬਾਬਾ ਪਿਆਰਾ ਸਿੰਘ,ਜਥੇਦਾਰ ਬਾਬਾ ਬਲਕਾਰ ਸਿੰਘ,ਬਾਬਾ ਜੱਗਾ ਸਿੰਘ,ਅਮਰੀਕ ਸਿੰਘ ਸੈਕਟਰੀ,ਜਥੇਦਾਰ ਗੁਰਜੰਟ ਸਿੰਘ,ਮਾਤਾ ਸੁਖਵਿੰਦਰ ਕੌਰ,ਬਲਜਿੰਦਰ ਸਿੰਘ ਖਾਲਸਾ,ਬਾਬਾ ਬੱਚੀ,ਜਥੇਦਾਰ ਮਹਿੰਦਰ ਸਿੰਘ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਫੇਮੀਵਾਲਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
06-07-2026