06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

6 ਮਹੀਨਿਆਂ ਤੋਂ ਆਰ.ਟੀ.ਓ ਦਫ਼ਤਰ ਦੀ ਗਲਤੀ ਦਾ ਖ਼ਮਿਆਜ਼ਾ ਭੁਗਤ ਰਿਹਾ ਕਾਰ ਮਾਲਕ

ਫ਼ਿਰੋਜ਼ਪੁਰ, 6 ਅਗਸਤ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦਾ ਆਰ. ਟੀ.

Ad Position 21
No active advertisement
ਫਿਰੋਜ਼ਪੁਰ ਦਾ ਆਰ.ਟੀ.ਓ ਬਾਰੇ ਜਾਣਕਾਰੀ ਦਿੰਦਾ ਪੀੜਤ ਰਜਿੰਦਰ ਹਾਂਡਾ। ਤਸਵੀਰ-ਗੁਰਿੰਦਰ ਸਿੰਘ 07-08-2026
ਫ਼ਿਰੋਜ਼ਪੁਰ, 6 ਅਗਸਤ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦਾ ਆਰ.ਟੀ.ਓ ਦਫ਼ਤਰ ਇਕ ਵਾਰ ਫਿਰ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਸੁਰਖੀਆਂ ਵਿਚ ਹੈ। ਲੋਕਾਂ ਨੂੰ ਸਰਕਾਰੀ ਸੇਵਾਵਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਮਹੀਨਿਆਂ ਤੱਕ ਦਫ਼ਤਰਾਂ ਦੇ ਚੱਕਰ ਕਟਵਾਉਣਾ ਇਥੇ ਜਿਵੇਂ ਆਮ ਗੱਲ ਬਣ ਚੁੱਕੀ ਹੈ। ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗੈਰ-ਹਾਜ਼ਰੀ, ਆਊਟਸੋਰਸ ਮੁਲਾਜ਼ਮਾਂ ਵਲੋਂ ਫਾਈਲਾਂ ਦਾ ਕੰਮ ਸੰਭਾਲਣਾ ਅਤੇ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਵਿਭਾਗ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ। ਤਾਜ਼ਾ ਮਾਮਲਾ ਫ਼ਿਰੋਜ਼ਪੁਰ ਸ਼ਹਿਰ ਦੇ ਵਿਕਾਸ ਵਿਹਾਰ ਵਾਸੀ ਰਜਿੰਦਰ ਹਾਂਡਾ ਪੁੱਤਰ ਕ੍ਰਿਸ਼ਨ ਚੰਦ ਹਾਂਡਾ ਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2011 ਵਿਚ ਖਰੀਦੀ ਉਨ੍ਹਾਂ ਦੀ ਨਵੀਂ ਆਈ-20 ਕਾਰ ਨੂੰ ਵਿਭਾਗ ਵਲੋਂ ਪੀਬੀ-05-ਐੱਸ-2228 ਨੰਬਰ ਤਾਂ ਜਾਰੀ ਕਰ ਦਿੱਤਾ ਗਿਆ, ਪਰ ਹੈਰਾਨੀ ਦੀ ਗੱਲ ਕਿ ਗੱਡੀ ਦਾ ਰਿਕਾਰਡ ਅੱਜ ਤੱਕ ਆਨਲਾਈਨ ਪੋਰਟਲ ’ਤੇ ਦਰਜ ਹੀ ਨਹੀਂ ਕੀਤਾ ਗਿਆ। ਇਸ ਗੰਭੀਰ ਲਾਪਰਵਾਹੀ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ 15 ਸਾਲ ਦੀ ਮਿਆਦ ਪੂਰੀ ਹੋਣ ਉਪਰੰਤ ਉਹ ਆਰ.ਸੀ ਦੀ ਮਿਆਦ ਵਧਾਉਣ ਲਈ ਦਫ਼ਤਰ ਪਹੁੰਚੇ। ਉੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਕਾਰ ਟਰਾਂਸਪੋਰਟ ਵਿਭਾਗ ਦੇ ਰਿਕਾਰਡ ਵਿਚ ਹੀ ਦਰਜ ਨਹੀਂ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 15 ਸਾਲ ਤੋਂ ਲਗਾਤਾਰ ਆਪਣੀ ਕਾਰ ਦਾ ਬੀਮਾ ਵੀ ਕਰਵਾਉਂਦਾ ਆ ਰਿਹਾ ਹੈ। ਪੀੜਤ ਦਾ ਕਹਿਣਾ ਹੈ ਕਿ ਆਪਣੀ ਕਾਰ ਨੂੰ ਆਨਲਾਈਨ ਦਰਜ ਕਰਵਾਉਣ ਲਈ ਉਸ ਨੇ ਮਹੀਨਿਆਂ ਤੱਕ ਆਰ.ਟੀ.ਓ ਦਫ਼ਤਰ ਦੇ ਚੱਕਰ ਕੱਟੇ ਪਰ ਕਿਸੇ ਨੇ ਵੀ ਉਸ ਦੀ ਸੁਣਵਾਈ ਨਹੀਂ ਕੀਤੀ। ਆਖ਼ਰਕਾਰ ਉਸ ਨੂੰ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਉਣਾ ਪਿਆ। ਖਪਤਕਾਰ ਫੋਰਮ ਨੇ 19 ਮਈ 2026 ਨੂੰ ਆਰ.ਟੀ.ਓ ਦਫ਼ਤਰ ਨੂੰ 45 ਦਿਨਾਂ ਅੰਦਰ ਗੱਡੀ ਦਾ ਰਿਕਾਰਡ ਆਨਲਾਈਨ ਦਰਜ ਕਰਨ ਅਤੇ ਪ੍ਰਾਰਥੀ ਨੂੰ 5000 ਰੁਪਏ ਮੁਆਵਜ਼ਾ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਕਰੀਬ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਅਦਾਲਤੀ ਹੁਕਮਾਂ ਦੀ ਪਾਲਣਾ ਕੀਤੀ ਗਈ ਅਤੇ ਨਾ ਹੀ ਗੱਡੀ ਦਾ ਰਿਕਾਰਡ ਅਪਡੇਟ ਕੀਤਾ ਗਿਆ। ਰਜਿੰਦਰ ਹਾਂਡਾ ਨੇ ਦੋਸ਼ ਲਾਇਆ ਕਿ ਦਫ਼ਤਰ ਵਿਚ ਤਾਇਨਾਤ ਕਲਰਕ ਅਕਸਰ ਆਪਣੀਆਂ ਸੀਟਾਂ ’ਤੇ ਨਹੀਂ ਮਿਲਦੇ ਜਦਕਿ ਉਨ੍ਹਾਂ ਦੀਆਂ ਆਈ.ਡੀਜ਼ ’ਤੇ ਕੰਮ ਕਰ ਰਹੇ ਆਊਟਸੋਰਸ ਮੁਲਾਜ਼ਮ ਵੀ ਕੋਈ ਢੁੱਕਵਾਂ ਜਵਾਬ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਵਿਭਾਗ ਦੀ ਲਾਪਰਵਾਹੀ ਕਾਰਨ ਉਹ ਮਾਨਸਿਕ ਅਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਹੁਣ ਮੁੜ ਅਦਾਲਤ ਦੀ ਸ਼ਰਨ ਲੈਣ ਲਈ ਮਜਬੂਰ ਹਨ। ਇਸ ਮਾਮਲੇ ਨੇ ਨਾ ਸਿਰਫ਼ ਆਰਟੀਓ ਦਫ਼ਤਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਗੋਂ ਇਹ ਵੀ ਦਰਸਾਇਆ ਹੈ ਕਿ ਜੇਕਰ ਖਪਤਕਾਰ ਫੋਰਮ ਦੇ ਹੁਕਮਾਂ ਦੀ ਹੀ ਪਾਲਣਾ ਨਹੀਂ ਹੁੰਦੀ ਤਾਂ ਆਮ ਲੋਕ ਕਿਸ ਤੋਂ ਇਨਸਾਫ਼ ਦੀ ਉਮੀਦ ਕਰਨ। ਇਸ ਸੰਬੰਧੀ ਪੱਖ ਜਾਣਨ ਲਈ ਜਦੋਂ ਦਫ਼ਤਰ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਆਰ.ਟੀ.ਓ ਵਿਸ਼ਵਜੀਤ ਸਿੰਘ ਸਿੱਧੂ ਕੁਝ ਦਿਨਾਂ ਤੋਂ ਛੁੱਟੀ ’ਤੇ ਚੱਲ ਰਹੇ ਹਨ ਜਦੋਂ ਕਿ ਏ.ਟੀ.ਓ ਰਾਕੇਸ਼ ਬਾਂਸਲ ਦਾ ਬੀਤੇ ਕੱਲ੍ਹ ਤਬਾਦਲਾ ਹੋ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕੱਚਾ ਜ਼ੀਰਾ ਰੋਡ ਦੀ ਬਦਹਾਲੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ, ਜਲਦ ਮੁਰੰਮਤ ਨਾ ਹੋਈ ਤਾਂ ਵਕੀਲ ਧਰਨੇ ’ਤੇ ਬੈਠਣਗੇ-ਨੀਲ... ਅਗਲੀ ਖ਼ਬਰ ਮਾਲਵਾ ਮਾਝਾ ਪੁਲ ਬੰਡਾਲਾ ਨੇੜੇ ਖੇਤਾਂ ’ਚ ਪਲਟੀ ਬੀ.ਐਸ.ਐਫ ਦੀ ਬੱਸ, 6 ਜਵਾਨ ਜ਼ਖਮੀ
Ad Position 24
No active advertisement