ਕੱਚਾ ਜ਼ੀਰਾ ਰੋਡ ਦੀ ਬਦਹਾਲੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ, ਜਲਦ ਮੁਰੰਮਤ ਨਾ ਹੋਈ ਤਾਂ ਵਕੀਲ ਧਰਨੇ ’ਤੇ ਬੈਠਣਗੇ-ਨੀਲ ਰਤਨ ਸ਼ਰਮਾ
ਫਿਰੋਜ਼ਪੁਰ, 6 ਅਗਸਤ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਸ਼ਹਿਰ ਦੇ ਮਹੱਤਵਪੂਰਨ ਕੱਚਾ ਜ਼ੀਰਾ ਰੋਡ, ਡੀ. ਸੀ.
ਜ
ਜਾਣਕਾਰੀ ਦਿੰਦਿਆਂ ਸਕੱਤਰ ਨੀਲ ਰਤਨ ਸ਼ਰਮਾ
07-08-2026
ਫਿਰੋਜ਼ਪੁਰ, 6 ਅਗਸਤ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਸ਼ਹਿਰ ਦੇ ਮਹੱਤਵਪੂਰਨ ਕੱਚਾ ਜ਼ੀਰਾ ਰੋਡ, ਡੀ.ਸੀ.ਮਾਡਲ ਅਤੇ ਗਿਲਕੋ ਕਾਲੋਨੀ ਨੂੰ ਜੋੜਨ ਵਾਲੀ ਸੜਕ ਦੀ ਬਦਹਾਲ ਹਾਲਤ ਕਾਰਨ ਇਲਾਕਾ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੜਕ ਉੱਪਰ ਥਾਂ-ਥਾਂ ਡੂੰਘੇ ਟੋਏ, ਟੁੱਟੀ ਹੋਈ ਸੜਕ ਅਤੇ ਬਰਸਾਤੀ ਪਾਣੀ ਖੜ੍ਹਾ ਰਹਿਣ ਕਾਰਨ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨ ਚਾਲਕਾਂ, ਸਕੂਲੀ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ, ਬਜ਼ੁਰਗਾਂ ਅਤੇ ਔਰਤਾਂ ਲਈ ਇਸ ਸੜਕ ਤੋਂ ਲੰਘਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਰਿਹਾ। ਸੀਵਰੇਜ ਦੇ ਪਾਣੀ ਅਤੇ ਬਰਸਾਤ ਪੈਣ ਉਪਰੰਤ ਇਹ ਸੜਕ ਪੂਰੀ ਤਰ੍ਹਾਂ ਤਲਾਬ ਦਾ ਰੂਪ ਧਾਰ ਲੈਂਦੀ ਹੈ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਦੇ ਫਿਸਲਣ ਅਤੇ ਹਾਦਸਿਆਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਕਈ ਥਾਵਾਂ ’ਤੇ ਸੜਕ ਵਿਚ ਪਏ ਟੋਏ ਪਾਣੀ ਹੇਠਾਂ ਲੁੱਕ ਜਾਂਦੇ ਹਨ, ਜਿਸ ਕਾਰਨ ਵਾਹਨਾਂ ਨੂੰ ਨੁਕਸਾਨ ਪਹੁੰਚਣ ਦੇ ਨਾਲ-ਨਾਲ ਲੋਕ ਜ਼ਖ਼ਮੀ ਵੀ ਹੋ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸੜਕ ਦੀ ਮੁਰੰਮਤ ਦੀ ਮੰਗ ਕਰ ਰਹੇ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਵਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ, ਫਿਰੋਜ਼ਪੁਰ ਦੇ ਸਕੱਤਰ ਐਡਵੋਕੇਟ ਨੀਲ ਰਤਨ ਸ਼ਰਮਾ ਨੇ ਕਿਹਾ ਕਿ ਡੀ.ਸੀ.ਮਾਡਲ ਅਤੇ ਗਿਲਕੋ ਕਾਲੋਨੀ ਸਮੇਤ ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੜ੍ਹੇ-ਲਿਖੇ, ਨਾਮਵਰ ਅਤੇ ਜਾਗਰੂਕ ਨਾਗਰਿਕ ਰਹਿੰਦੇ ਹਨ। ਇਸੇ ਰਸਤੇ ਰਾਹੀਂ ਹਜ਼ਾਰਾਂ ਲੋਕ ਰੋਜ਼ਾਨਾ ਆਵਾਜਾਈ ਕਰਦੇ ਹਨ, ਪਰ ਸੜਕ ਦੀ ਖਸਤਾ ਹਾਲਤ ਕਾਰਨ ਹਰ ਰੋਜ਼ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਦਿਵਾਇਆ ਜਾ ਚੁੱਕਾ ਹੈ, ਪਰ ਅਜੇ ਤੱਕ ਨਾ ਤਾਂ ਸੜਕ ਦੀ ਮੁਰੰਮਤ ਕੀਤੀ ਗਈ ਹੈ ਅਤੇ ਨਾ ਹੀ ਪਾਣੀ ਦੀ ਨਿਕਾਸੀ ਦਾ ਕੋਈ ਸਥਾਈ ਪ੍ਰਬੰਧ ਕੀਤਾ ਗਿਆ ਹੈ। ਐਡਵੋਕੇਟ ਨੀਲ ਰਤਨ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਕੱਚਾ ਜ਼ੀਰਾ ਰੋਡ ਦੀ ਤੁਰੰਤ ਮੁਰੰਮਤ, ਟੋਇਆਂ ਦੀ ਭਰਾਈ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪੱਕੇ ਤੌਰ ’ਤੇ ਨਹੀਂ ਕੀਤਾ ਗਿਆ ਤਾਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੋਕਾਂ ਦੇ ਹੱਕ ਵਿਚ ਸੜਕਾਂ ’ਤੇ ਉਤਰ ਕੇ ਧਰਨਾ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਰੋਜ਼ਾਨਾ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ।