ਮੱਲਾਂਵਾਲਾ, 15 ਜੁਲਾਈ (ਗੁਰਦੇਵ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਮੱਲਾਂਵਾਲਾ ਦੇ ਕਿਸਾਨਾਂ ਮਜ਼ਦੂਰਾਂ ਵਲੋਂ ਇਕੱਤਰ ਹੋ ਕੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ’ਤੇ ਰਣਜੀਤ ਸਿੰਘ ਖੱਚਰਵਾਲਾ ਦੀ ਅਗਵਾਈ ਵਿਚ ਮੱਲਾਂਵਾਲਾ ਤੋਂ ਡੀ.ਸੀ ਦਫ਼ਤਰ ਫ਼ਿਰੋਜ਼ਪੁਰ ਤੱਕ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਦੇਸ਼ ਬਚਾਓ ਮੋਰਚੇ ਵਲੋਂ ਸੱਦਾ ਦਿੱਤਾ ਗਿਆ ਸੀ ਕਿ ਭਾਰਤ-ਅਮਰੀਕਾ ਫ਼ਰੀ ਟਰੇਡ ਸਮਝੌਤੇ ਦੇ ਵਿਰੋਧ ਵਿਚ ’ਤੇ ਪੰਜਾਬ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿਚ ਪੂਰੇ ਦੇਸ਼ ’ਚ ਮੋਟਰਸਾਈਕਲ ਮਾਰਚ ਕੀਤੇ ਜਾਣ, ਉਸ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜਿੱਥੇ ਪੂਰੇ ਪੰਜਾਬ ’ਚ ਮੋਟਰਸਾਈਕਲ ਮਾਰਚ ਪਿੰਡਾਂ, ਸ਼ਹਿਰਾਂ ਵਿਚ ਕੀਤੇ ਜਾ ਰਹੇ ਹਨ, ਉੱਥੇ ਹੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੱਲਾਂਵਾਲਾ ਤੋਂ ਮੋਟਰਸਾਈਕਲ ਮਾਰਚ ਰਵਾਨਾ ਹੋ ਕੇ ਡੀ.ਸੀ ਦਫ਼ਤਰ ਪਹੁੰਚਿਆ। ਯੂਨੀਅਨ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਨੂੰ ਤੁਰੰਤ ਰੱਦ ਕਰੇ, ਬਿਜਲੀ ਸੋਧ ਬਿੱਲ ਵਾਪਸ ਕੀਤਾ ਜਾਵੇ, ਸਮਾਰਟ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ, 23 ਫ਼ਸਲਾਂ ਉੱਤੇ ਗਰੰਟੀ ਕਾਨੂੰਨ ਬਣਾਇਆ ਜਾਵੇ। ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਇਹ ਮੰਗਾਂ ਵੱਲ ਧਿਆਨ ਨਹੀਂ ਦਿੰਦੀ ’ਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜ਼ੋਨ ਪ੍ਰਧਾਨ ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਗੁਰਮੁਖ ਸਿੰਘ ਕਾਮਲ ਵਾਲਾ, ਮੱਸਾ ਸਿੰਘ ਆਸਫਵਾਲਾ, ਸੁਖਦੇਵ ਸਿੰਘ ਆਸਫ ਵਾਲਾ, ਸਾਹਿਬ ਸਿੰਘ ਦੀਨੇ ਕੇ ਟਹਿਲ ਸਿੰਘ ਕਾਮਲ ਵਾਲਾ ਆਦਿ ਆਗੂ ਹਾਜ਼ਰ ਸਨ।