ਫ਼ਿਰੋਜ਼ਪੁਰ,16 ਜੁਲਾਈ (ਸੁਖਵਿੰਦਰ ਸਿੰਘ)-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਮਾਨਸੂਨ ਸੀਜ਼ਨ ਦੌਰਾਨ ਭਾਰੀ ਮੀਂਹ ਕਾਰਨ ਦਰਿਆਵਾਂ ਵਿੱਚ ਵਧਦੇ ਪਾਣੀ ਦੇ ਪੱਧਰ ਕਾਰਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਬਾਰੇ ਹੋਈ ਅਹਿਮ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗਾਊਂ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਸੰਭਾਵਿਤ ਹੜ੍ਹਾਂ ਦਾ ਸਾਹਮਣਾ ਕਰਨ ਲਈ ਪੂਰੀ ਜ਼ਿੰਮੇਵਾਰੀ ਅਤੇ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ, ਐਸ.ਡੀ.ਐਮ. ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ, ਐਸ.ਡੀ.ਐਮ. ਜ਼ੀਰਾ ਸੂਰਜ, ਐਸ.ਡੀ.ਐਮ. ਗੁਰੂਹਰਸਹਾਏ ਹਰਦੀਪ ਸਿੰਘ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਰੁਕਨੇ ਵਾਲਾ, ਗੱਟਾ ਬਾਦਸ਼ਾਹ ਅਤੇ ਨਾਜ਼ੁਕ ਸਥਿਤੀ ਵਾਲੇ ਹੋਰ ਪਿੰਡਾਂ ਦਾ ਪਹਿਲਾਂ ਤੋਂ ਹੀ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈ ਲਿਆ ਜਾਵੇ ਅਤੇ ਬੰਨ੍ਹਾਂ, ਨੋਚਾਂ, ਪੁਲਾਂ, ਰਸਤਿਆਂ ਆਦਿ ਨੂੰ ਪਹਿਲਾਂ ਤੋਂ ਹੀ ਮਜ਼ਬੂਤ ਕਰ ਲਿਆ ਜਾਵੇ ਤਾਂ ਜੋ ਭਾਰੀ ਮੀਂਹ ਅਤੇ ਸਤਲੁਜ ਵਿਚ ਪਾਣੀ ਦਾ ਪੱਧਰ ਵਧਣ ਨਾਲ ਕੋਈ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰੇਤਾ ਦੇ ਗੱਟੇ, ਕਿਸ਼ਤੀਆਂ, ਬੇੜੀਆਂ, ਲਾਈਫ਼ ਜੈਕਟਾਂ, ਫਲੱਡ ਲਾਈਟਾਂ, ਸਰਚ ਲਾਈਟਾਂ, ਮੈਡੀਕਲ ਜ਼ਰੂਰਤਾਂ ਆਦਿ ਸਾਮਾਨ ਦੀ ਪਹਿਲਾਂ ਤੋਂ ਹੀ ਜਾਂਚ ਕਰ ਲਈ ਜਾਵੇ ਅਤੇ ਜੇਕਰ ਕਿਸੇ ਸਮਾਨ ਨੂੰ ਰਿਪੇਅਰ ਦੀ ਲੋੜ ਹੈ, ਤਾਂ ਤੁਰੰਤ ਠੀਕ ਕਰਵਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸੰਭਾਵੀ ਹੜ੍ਹਾਂ ਸਬੰਧੀ ਪੂਰੀ ਗੰਭੀਰਤਾ ਨਾਲ ਅਗੇਤੇ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਜੇਕਰ ਹੜ੍ਹਾਂ ਵਰਗੇ ਹਾਲਾਤ ਬਣਨ ਤਾਂ ਸਮੇਂ ਸਿਰ ਨਜਿੱਠਿਆ ਜਾ ਸਕੇ। ਮੀਟਿੰਗ ਵਿਚ ਬੀ.ਐਸ.ਐਫ਼. ਅਤੇ ਆਰਮੀ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਧਿਕਾਰੀ/ਕਰਮਚਾਰੀ ਆਦਿ ਵੀ ਹਾਜ਼ਰ ਸਨ।