ਮੱਖੂ, 17 ਜੁਲਾਈ (ਕੁਲਵਿੰਦਰ ਸਿੰਘ ਸੰਧੂ)-‘ਅਜੀਤ’ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਹੋਣ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਦਬਾਅ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਭਾਕਿਯੂ ਪੰਜਾਬ ਦੇ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਸਬਾ ਮੱਖੂ ਵਿਖੇ ਨੈਸ਼ਨਲ ਹਾਈਵੇ-54 ਪਰ ਪੈਂਦੇ ਰੇਲਵੇ ਫਾਟਕ ਪਰ ਬਣਨ ਵਾਲੇ ਫਲਾਈ ਓਵਰ ਦੇ ਨਿਰਮਾਣ ਦੌਰਾਨ ਸਬੰਧਿਤ ਠੇਕੇਦਾਰ ਵਲੋਂ ਬਿਨਾਂ ਕਿਸੇ ਸਰਵਿਸ ਲੇਨ ਅਤੇ ਢੁਕਵੇਂ ਪ੍ਰਬੰਧਾਂ ਤੋਂ ਨਿਰਮਾਣ ਦਾ ਕੰਮ ਸ਼ੁਰੂ ਕਰਨ ਕਰਕੇ ਸੜਕ ਵਿਚ ਥਾਂ-ਥਾਂ ਟੋਏ ਪੈ ਗਏ ਸਨ ਅਤੇ ਧੂੜ ਮਿੱਟੀ ਕਾਰਨ ਰਾਹਗੀਰਾਂ ਦਾ ਇਥੋਂ ਲੰਘਣਾ ਮੁਸ਼ਕਲ ਹੋ ਗਿਆ ਸੀ, ਜਿਸ ’ਤੇ ਰਾਹਗੀਰਾਂ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵਲੋਂ 20 ਜੁਲਾਈ ਨੂੰ ਮੱਖੂ ਦੇ ਸੇਮਨਾਲੇ ਵਿਖੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਐਸ.ਡੀ.ਐਮ. ਜ਼ੀਰਾ ਦੀ ਮੌਜੂਦਗੀ ਵਿਚ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਅਤੇ ਭਾਕਿਯੂ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਵਿਚਾਲੇ ਮੀਟਿੰਗ ਹੋਈ। ਮੀਟਿੰਗ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ 21 ਜੁਲਾਈ ਤੱਕ ਸੜਕ ’ਤੇ ਪਏ ਖੱਡਿਆਂ ਦੀ ਮੁਰੰਮਤ, ਸਰਵਿਸ ਰੋਡ ਚਾਲੂ ਕਰਨ ਅਤੇ ਹੋਰ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਭਰੋਸੇ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ 20 ਜੁਲਾਈ ਨੂੰ ਦਿੱਤਾ ਜਾਣ ਵਾਲਾ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਨੈਸ਼ਨਲ ਹਾਈਵੇ ਅਥਾਰਟੀ ਆਪਣੇ ਭਰੋਸੇ ਅਨੁਸਾਰ 21 ਜੁਲਾਈ ਤੱਕ ਖੱਡਿਆਂ ਦੀ ਮੁਰੰਮਤ, ਸਰਵਿਸ ਰੋਡ ਚਾਲੂ ਕਰਨ ਅਤੇ ਹੋਰ ਮੰਗਾਂ ਦਾ ਹੱਲ ਨਹੀਂ ਕਰਦੀ, ਤਾਂ ਅਗਲੇ ਸੰਘਰਸ਼ ਅਤੇ ਧਰਨੇ ਦਾ ਐਲਾਨ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਦੀ ਹੋਵੇਗੀ। ਖਬਰ ਲਿਖੇ ਜਾਣ ਤੱਕ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਵਲੋਂ ਸੜਕ ਵਿਚ ਪਏ ਖੱਡਿਆਂ ਨੂੰ ਪੂਰਨ ਦਾ ਕੰਮ ਆਰੰਭ ਕਰ ਦਿੱਤਾ ਗਿਆ ਸੀ।