ਮੁੱਦਕੀ, 18 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸਫ਼ਾਈ ਸੇਵਕ ਯੂਨੀਅਨ ਨੇ ਆਪਣੇ ਐਲਾਨ ਮੁਤਾਬਿਕ ਇੱਥੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ। ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਚੁੱਕ ਕੇ ਸੜਕਾਂ ’ਤੇ ਅਰਥੀ ਮਾਰਚ ਕੀਤਾ ਗਿਆ। ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ। ਇਹ ਰੋਸ ਪ੍ਰਦਰਸ਼ਨ ਵਿਚ ਸਫ਼ਾਈ ਸੇਵਕ ਯੂਨੀਅਨ ਮੁੱਦਕੀ ਦੇ ਪ੍ਰਧਾਨ ਦੀਪ ਕੁਮਾਰ ਦੀ ਅਗਵਾਈ ਹੇਠ ਕੀਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅਣਮਿਥੇ ਸਮੇਂ ਵਾਲੀ ਹੜਤਾਲ ਹੱਕੀ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗੀ। ਆਗੂਆਂ ਨੇ ਕਿਹਾ ਕਿ ਸਰਕਾਰ ਆਪਣੀ ਪਿੱਠ ਥਾਪੜਨ ਵਿਚ ਲੱਗੀ ਹੋਈ ਹੈ, ਜਦਕਿ ਮੁਲਾਜ਼ਮ, ਕਿਸਾਨ, ਬੇਰੁਜ਼ਗਾਰ ਅਤੇ ਪੈਨਸ਼ਨਰ ਸੜਕਾਂ ’ਤੇ ਹਨ। ਵੱਖ-ਵੱਖ ਮੁੱਦਿਆਂ ’ਤੇ ਵਾਰ-ਵਾਰ ਯੂ-ਟਰਨ ਲੈਣ ਵਾਲੀ ਭਗਵੰਤ ਮਾਨ ਸਰਕਾਰ ਹੁਣ ਵਾਅਦਿਆਂ ਤੋਂ ਵੀ ਮੁਨਕਰ ਹੋਣ ਲੱਗੀ ਹੈ। ਕੱਚੇ ਮੁਲਾਜ਼ਮਾਂ ਨੂੰ ਚਾਰ ਸਾਲਾਂ ਵਿਚ ਪੱਕੇ ਨਾ ਕਰਨ ਵਾਲੀ ਇਹ ਸਰਕਾਰ ਹੁਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਵਾਅਦੇ ਤੋਂ ਵੀ ਭੱਜ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਇਸ ਦਾ ਰਾਜਨੀਤਿਕ ਨੁਕਸਾਨ ਝੱਲਣਾ ਪਵੇਗਾ। ਇਸ ਮੌਕੇ ਸੱਤਪਾਲ ਵਾਈਸ ਪ੍ਰਧਾਨ, ਰਮੇਸ਼ ਕੁਮਾਰ, ਗੁਰਪ੍ਰੀਤ ਸਿੰਘ, ਰਾਹੁਲ, ਸੁਰੇਸ਼, ਅਸ਼ੋਕ ਕੁਮਾਰ, ਸਾਜਣਾ, ਬੀਨਾ ਰਾਣੀ, ਤਮੰਨਾ, ਪ੍ਰੀਤੀ, ਗੋਗੀ ਰਾਣੀ, ਅੰਗਰੇਜ਼ ਸਿੰਘ, ਸਿਮਰਨ, ਸੁਨੀਲ, ਵਿਕੀ, ਅਸ਼ੋਕ, ਰਜਨੀ, ਮੀਰਾ, ਰਾਜੇਸ਼ ਆਦਿ ਹਾਜ਼ਰ ਸਨ।