ਫਿਰੋਜ਼ਪੁਰ, 21 ਜੁਲਾਈ (ਗੁਰਿੰਦਰ ਸਿੰਘ)-ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵਲੋਂ ਜ਼ਿਲ੍ਹਾ ਲਾਇਬ੍ਰੇਰੀ ਦੇ ਸਹਿਯੋਗ ਨਾਲ ‘ਪੰਜਾਬੀ ਸੂਬਾ ਅਤੇ ਰਾਜ ਭਾਸ਼ਾ ਐਕਟ’ ਵਿਸ਼ੇ ’ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਆਪਣੇ ਵਿਲੱਖਣ ਵਿਸ਼ੇ, ਤੱਥਪੂਰਨ ਜਾਣਕਾਰੀ ਅਤੇ ਸਾਰਥਿਕ ਵਿਚਾਰ-ਵਟਾਂਦਰੇ ਕਰਕੇ ਇਹ ਸੈਮੀਨਾਰ ਵਿਦਿਆਰਥੀਆਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਇਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਅਤੇ ਭਵਿੱਖ ਵਿਚ ਸਰਕਾਰੀ ਸੇਵਾਵਾਂ ਵਿਚ ਜਾਣ ਵਾਲੇ ਉਮੀਦਵਾਰਾਂ ਨੂੰ ਪੰਜਾਬੀ ਭਾਸ਼ਾ, ਪੰਜਾਬੀ ਸੂਬੇ ਦੇ ਇਤਿਹਾਸ ਅਤੇ ਰਾਜ ਭਾਸ਼ਾ ਐਕਟ ਬਾਰੇ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪੰਜਾਬੀ ਭਾਸ਼ਾ ਵਿਚ ਦਫ਼ਤਰੀ ਕੰਮਕਾਜ ਕਰਨ ਦੀ ਸਮਝ ਅਤੇ ਵਚਨਬੱਧਤਾ ਹੋਣਾ ਬਹੁਤ ਜ਼ਰੂਰੀ ਹੈ। ਡਾ.ਸੰਧੂ ਨੇ 1967 ਵਿਚ ਬਣੇ ਪੰਜਾਬ ਰਾਜ ਭਾਸ਼ਾ ਐਕਟ, ਇਸ ਵਿਚ 2008 ਅਤੇ 2023 ਦੌਰਾਨ ਕੀਤੀਆਂ ਗਈਆਂ ਮਹੱਤਵਪੂਰਨ ਸੋਧਾਂ ਅਤੇ ਐਕਟ ਦੇ ਵਿਹਾਰਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਹਰ ਮਹੀਨੇ ਵੱਖ-ਵੱਖ ਸਰਕਾਰੀ ਦਫ਼ਤਰਾਂ ਦਾ ਨਿਰੀਖਣ ਕਰਕੇ ਐਕਟ ਦੀ ਪਾਲਣਾ ਯਕੀਨੀ ਬਣਾਈ ਜਾਂਦੀ ਹੈ। ਨਾਲ ਹੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਲਈ ਨਿਰਧਾਰਿਤ ਸਜ਼ਾਵਾਂ ਦੀ ਵੀ ਜਾਣਕਾਰੀ ਦਿੱਤੀ ਗਈ। ਉੱਘੇ ਭਾਸ਼ਾ ਚਿੰਤਕ ਡਾ.ਰਮੇਸ਼ਵਰ ਸਿੰਘ ਕਟਾਰਾ ਨੇ ਪੰਜਾਬ ਦੇ ਇਤਿਹਾਸ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਕਾਸ ਦੀ ਵਿਸਥਾਰਪੂਰਵਕ ਵਿਆਖਿਆ ਕਰਦਿਆਂ ਪੰਜਾਬੀ ਸੂਬੇ ਦੀ ਸਥਾਪਨਾ ਤੱਕ ਦੇ ਸੰਘਰਸ਼ਮਈ ਸਫ਼ਰ ’ਤੇ ਰੌਸ਼ਨੀ ਪਾਈ। ਸਮਾਗਮ ਦਾ ਮੰਚ ਸੰਚਾਲਨ ਲਾਇਬ੍ਰੇਰੀਅਨ ਰਜਨੀਸ਼ ਕੁਮਾਰ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਨਾਵਾਂ ਅਤੇ ਸਾਹਿੱਤ ਬਾਰੇ ਜਾਣਕਾਰੀ ਹਾਸਲ ਕੀਤੀ। ਸਮਾਗਮ ਦੀ ਸਫਲਤਾ ਵਿਚ ਚੇਤਨ ਕੁਮਾਰ ਅਤੇ ਵਿਜੇ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।