ਫ਼ਿਰੋਜ਼ਪੁਰ, 21 ਜੁਲਾਈ (ਗੁਰਿੰਦਰ ਸਿੰਘ)-ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਸਾਰ ਅਤੇ ਗੁਣਾਤਮਿਕ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੁਨੀਲਾ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪ੍ਰੇਰਨਾ ਦੀ ਪਾਠਸ਼ਾਲਾ ਨਾਮਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਉਪਰਾਲੇ ਦੀ ਰੂਪ-ਰੇਖਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਵਲੋਂ ਤਿਆਰ ਕੀਤੀ ਗਈ ਹੈ। ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉੱਚੇ ਜੀਵਨ-ਮੁੱਲਾਂ ਅਤੇ ਸੰਸਕਾਰਾਂ ਨਾਲ ਜੋੜਨਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਸਿਰਫ਼ ਪ੍ਰੀਖਿਆਵਾਂ ਵਿਚ ਸਫਲਤਾ ਹਾਸਿਲ ਕਰਵਾਉਣਾ ਨਹੀਂ, ਸਗੋਂ ਚੰਗੇ ਚਰਿੱਤਰ, ਉੱਚੇ ਆਚਰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਭਰਪੂਰ ਨਾਗਰਿਕ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਅਤੇ ਮੁਕਾਬਲੇਬਾਜ਼ੀ ਵਾਲੇ ਦੌਰ ਵਿਚ ਵਿਦਿਆਰਥੀਆਂ ਨੂੰ ਇਮਾਨਦਾਰੀ, ਸਹਿਣਸ਼ੀਲਤਾ, ਸਮਾਜਿਕ ਜ਼ਿੰਮੇਵਾਰੀ, ਸੰਵੇਦਨਸ਼ੀਲਤਾ ਅਤੇ ਅਨੁਸ਼ਾਸਨ ਵਰਗੇ ਗੁਣਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਰ ਬੁੱਧਵਾਰ ਨੈਤਿਕ ਸਿੱਖਿਆ, ਜੀਵਨ-ਮੁੱਲਾਂ, ਵਿਅਕਤੀਤਵ ਵਿਕਾਸ, ਸਮਾਜਿਕ ਜਾਗਰੂਕਤਾ, ਅਨੁਸ਼ਾਸਨ ਅਤੇ ਗੁਣਾਤਮਿਕ ਸਿੱਖਿਆ ਨਾਲ ਸਬੰਧਤ ਇਕ ਪ੍ਰੇਰਨਾਦਾਇਕ ਲੇਖ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਨੂੰ ਭੇਜਿਆ ਜਾਵੇਗਾ। ਸਕੂਲ ਮੁਖੀ ਅਤੇ ਅਧਿਆਪਕ ਇਨ੍ਹਾਂ ਲੇਖਾਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ, ਵਿਸ਼ੇਸ਼ ਗਤੀਵਿਧੀਆਂ ਅਤੇ ਕਲਾਸ ਰੂਮ ਵਿਚਾਰ-ਵਟਾਂਦਰੇ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਉਣਗੇ, ਤਾਂ ਜੋ ਬੱਚਿਆਂ ਵਿਚ ਸਕਾਰਾਤਮਿਕ ਸੋਚ, ਆਤਮ-ਵਿਸ਼ਵਾਸ, ਸਮਾਜਿਕ ਜ਼ਿੰਮੇਵਾਰੀ ਅਤੇ ਚੰਗੇ ਸੰਸਕਾਰਾਂ ਦਾ ਵਿਕਾਸ ਹੋ ਸਕੇ। ਇਸ ਮੌਕੇ ਸੰਦੀਪ ਕੁਮਾਰ ਬੀ.ਆਰ.ਸੀ, ਸਰਬਜੀਤ ਸਿੰਘ ਭਾਵੜਾ, ਗੁਰਪ੍ਰੀਤ ਸਿੰਘ ਬੀ.ਆਰ.ਸੀ, ਗੁਰਦੇਵ ਸਿੰਘ ਬੀ.ਆਰ.ਸੀ ਅਤੇ ਸੁਖਚੈਨ ਸਿੰਘ ਸਟੈਨੋ ਵੀ ਹਾਜ਼ਰ ਸਨ।