ਫ਼ਿਰੋਜ਼ਪੁਰ, 22 ਜੁਲਾਈ (ਕੁਲਬੀਰ ਸਿੰਘ ਸੋਢੀ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਵਲੋਂ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ਦਾ ਘਿਰਾਓ ਕਰਕੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਬੋਲਦਿਆਂ ਹੋਇਆ ਕਿਹਾ ਕਿ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾਣ ਵਾਲੇ ਟੈਕਸ ਮੁਕਤ ਵਪਾਰ ਸਮਝੌਤੇ ’ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਨਾਲ ਇਹ ਸਮਝੌਤਾ ਹੋ ਜਾਂਦਾ ਤਾਂ ਪੋਲਟਰੀ ਅਤੇ ਡੇਅਰੀ ਖੇਤਰ ਨਾਲ ਸਬੰਧਿਤ ਅਮਰੀਕਨ ਵਸਤਾਂ ਦਾ ਹੜ੍ਹ ਆ ਜਾਵੇਗਾ ਅਤੇ ਭਾਰਤ ਦੇ ਕਿਸਾਨਾਂ ਦਾ ਧੰਦਾ ਬਿਲਕੁਲ ਬੰਦ ਹੋ ਜਾਵੇਗਾ। ਆਗੂਆਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਕਾਰਪੋਰੇਟ ਘਰਾਣੇ ਆਪਣੀ ਮਨਮਰਜ਼ੀ ਨਾਲ ਇੱਥੇ ਆਪਣਾ ਕਾਰੋਬਾਰ ਕਰਨਗੇ ਅਤੇ ਭੋਜਨ ਨਾਲ ਸਬੰਧਿਤ ਸਾਰੀਆਂ ਵਸਤਾਂ ਉੱਪਰ ਵੀ ਆਪਣਾ ਕਬਜ਼ਾ ਕਰ ਲੈਣਗੇ। ਆਗੂਆਂ ਨੇ ਅੱਗੇ ਕਿਹਾ ਕਿ ਜੰਤਰ ਮੰਤਰ ਵੱਲ ਦਿੱਲੀ ਵਿਖੇ ਸ਼ਾਂਤੀ ਮਾਰਚ ਕਰ ਰਹੇ ਨੌਜਵਾਨਾਂ ਉੱਪਰ ਮੋਦੀ ਸਰਕਾਰ ਦੇ ਇਸ਼ਾਰਿਆਂ ’ਤੇ ਦਿੱਲੀ ਪੁਲਿਸ ਵਲੋਂ ਅੰਨੇ੍ਹਵਾਹ ਲਾਠੀ ਚਾਰਜ ਕਰਕੇ ਸੈਂਕੜੇ ਨੌਜਵਾਨਾਂ ਨੂੰ ਗੰਭੀਰ ਫੱਟੜ ਕਰਨ ਲਈ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਹਰਨੇਕ ਸਿੰਘ ਮਹਿਮਾ, ਜਗੀਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਤੋਂ ਗੁਰਦਿੱਤ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਕਰਨੈਲ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਗਰੁੱਪ ਵਲੋਂ ਗੁਰਮੀਤ ਸਿੰਘ ਸੂਬਾ ਆਗੂ, ਸੁਰਜੀਤ ਕੁਮਾਰ ਜਨਰਲ ਸਕੱਤਰ, ਗੁਰਮੁਖ ਸਿੰਘ, ਅੰਗਰੇਜ਼ ਸਿੰਘ, ਸੁੱਚਾ ਸਿੰਘ, ਬਲਕਾਰ ਸਿੰਘ ਜੋਧਪੁਰ, ਸੁਖਦੇਵ ਸਿੰਘ ਹਾਕੇ ਵਾਲਾ, ਗੁਰਚਰਨ ਸਿੰਘ ਨਾਜੂ ਸ਼ਾਹ ਵਾਲਾ, ਸਾਹਿਬ ਸਿੰਘ ਅਤੇ ਵੱਡੀ ਸੰਖਿਆ ਵਿਚ ਕਿਸਾਨ ਹਾਜ਼ਰ ਸਨ।