ਫਿਰੋਜ਼ਪੁਰ, 22 ਜੁਲਾਈ (ਗੁਰਿੰਦਰ ਸਿੰਘ)-ਦੀ ਕਲਗੀਧਰ ਟਰੱਸਟ, ਬੜੂ ਸਾਹਿਬ ਵਲੋਂ ਚਲਾਏ ਜਾ ਰਹੇ 121 ਅਕਾਲ ਅਕੈਡਮੀ ਸਕੂਲਾਂ ਦੇ 15024 ਤੋਂ ਵੱਧ ਵਿਦਿਆਰਥੀਆਂ ਨੇ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਦੇ ਕੇ ਇਕ ਨਵਾਂ ਵਿਸ਼ਵ ਰਿਕਾਰਡ ਸਥਾਪਤ ਕੀਤਾ ਹੈ। ਇਸ ਇਤਿਹਾਸਕ ਪ੍ਰਾਪਤੀ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਪੰਜ ਅਕਾਲ ਅਕੈਡਮੀਆਂ ਨੇ ਵੀ ਅਹਿਮ ਅਤੇ ਸਰਾਹਣਯੋਗ ਯੋਗਦਾਨ ਪਾਇਆ, ਜਿਸ ਨਾਲ ਇਹ ਵਿਸ਼ਵ ਪੱਧਰੀ ਮੁਹਿੰਮ ਸਫਲ ਹੋ ਸਕੀ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 26 ਜੂਨ 2026 ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ 121 ਅਕਾਲ ਅਕੈਡਮੀ ਸਕੂਲਾਂ ਵਿਚ ਵਿਦਿਆਰਥੀਆਂ ਨੇ ਇਕੋ ਸਮੇਂ ਵੂਈ ਆਰ ਡਰੱਗ ਫਰੀ ਦਾ ਮਨੁੱਖੀ ਆਕਾਰ (ਹਿਊਮਨ ਫਾਰਮੇਸ਼ਨ) ਬਣਾਇਆ। ਇਸ ਵਿਲੱਖਣ ਉਪਰਾਲੇ ਨੂੰ ਮਾਨਤਾ ਦਿੰਦਿਆਂ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਨੇ ਦੀ ਕਲਗੀਧਰ ਟਰੱਸਟ ਨੂੰ ਤੀਜੀ ਵਾਰ ਵਿਸ਼ਵ ਰਿਕਾਰਡ ਦਾ ਸਨਮਾਨ ਪ੍ਰਦਾਨ ਕੀਤਾ। ਇਸ ਰਿਕਾਰਡ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਅਕਾਲ ਅਕੈਡਮੀ ਬਹਿਕ ਫੱਤੂ ਦੇ 200, ਅਕਾਲ ਅਕੈਡਮੀ ਭੜਾਣਾ ਦੇ 60, ਅਕਾਲ ਅਕੈਡਮੀ ਬਸਤੀ ਵਸਾਵਾ ਸਿੰਘ ਦੇ 40, ਅਕਾਲ ਅਕੈਡਮੀ ਨਵਾਂ ਕਿੱਲਾ ਦੇ 60 ਅਤੇ ਅਕਾਲ ਅਕੈਡਮੀ ਰਤਾ ਖੇੜਾ ਦੇ 167 ਵਿਦਿਆਰਥੀਆਂ ਸਮੇਤ 527 ਵਿਦਿਆਰਥੀਆਂ ਨੇ ਹਜ਼ਾਰਾਂ ਹੋਰ ਵਿਦਿਆਰਥੀਆਂ ਨਾਲ ਮਿਲ ਕੇ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਇਆ। ਅਕਾਲ ਅਕੈਡਮੀ ਬਹਿਕ ਫੱਤੂ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਕਿਹਾ ਕਿ ਫਿਰੋਜ਼ਪੁਰ ਦੀਆਂ ਅਕੈਡਮੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਇਸ ਵਿਸ਼ਵ ਰਿਕਾਰਡ ਦਾ ਹਿੱਸਾ ਬਣੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਹੀ ਨਸ਼ਾ ਮੁਕਤ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਅਜਿਹੀਆਂ ਮੁਹਿੰਮਾਂ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਵਰਲਡ ਬੁੱਕ ਆਫ਼ ਰਿਕਾਰਡਜ਼ ਦਾ ਸਰਟੀਫਿਕੇਟ ਸਾਰੇ 121 ਅਕਾਲ ਅਕੈਡਮੀ ਸਕੂਲਾਂ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਵਿਦਿਆਰਥੀਆਂ ਦੀ ਨਸ਼ਾ ਮੁਕਤ ਭਾਰਤ ਪ੍ਰਤੀ ਵਚਨਬੱਧਤਾ ਦਾ ਸਦੀਵੀ ਪ੍ਰਤੀਕ ਬਣੇਗਾ।