07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸੀਵਰੇਜ ਬੋਰਡ ਦੀ ਘੋਰ ਲਾਪ੍ਰਵਾਹੀ ਬੇਨਕਾਬ, ਫੇਜ਼-2 ਬੇਦੀ ਕਾਲੋਨੀ ਬਣੀ ਨਰਕ, ਗੰਦੇ ਪਾਣੀ ਤੇ ਬਦਬੂ ਨੇ ਲੋਕਾਂ ਦਾ ਜਿਉਣਾ ਕੀਤਾ ਦੁੱਭਰ

Ad Position 21
No active advertisement
ਅਜੀਤ ਡੈਸਕ 28-07-2026
ਫ਼ਿਰੋਜ਼ਪੁਰ, 27 ਜੁਲਾਈ (ਸੁਖਵਿੰਦਰ ਸਿੰਘ)- ਇਕ ਪਾਸੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਡੇਂਗੂ, ਮਲੇਰੀਆ ਅਤੇ ਹੋਰ ਮੱਛਰ-ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮਾਂ ਚਲਾ ਰਹੇ ਹਨ, ਪਰ ਦੂਜੇ ਪਾਸੇ ਸੀਵਰੇਜ ਬੋਰਡ ਦੀ ਘੋਰ ਲਾਪ੍ਰਵਾਹੀ ਇਨ੍ਹਾਂ ਯਤਨਾਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਫਿਰੋਜ਼ਪੁਰ ਦੀ ਫੇਜ਼-2 ਬੇਦੀ ਕਲੋਨੀ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀ ਪਈ ਹੈ। ਜਿਸ ਕਾਰਨ ਕਾਲੋਨੀ ਵਾਸੀਆਂ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਬਣ ਗਈ ਹੈ। ਗਲੀ ਵਿਚ ਖੜ੍ਹੇ ਗੰਦੇ ਪਾਣੀ ਵਿਚੋਂ ਹਰ ਵੇਲੇ ਅਸਹਿਣਯੋਗ ਬਦਬੂ ਉੱਠਦੀ ਰਹਿੰਦੀ ਹੈ। ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਗਲੀ ਦੇ ਕਿਨਾਰਿਆਂ ਅਤੇ ਕੰਧਾਂ ਨਾਲ ਘਾਹ-ਬੂਟੀ ਉੱਗ ਚੁੱਕੀ ਹੈ, ਜਦਕਿ ਗੰਦਗੀ ਕਾਰਨ ਮੱਛਰਾਂ ਦੀ ਭਰਮਾਰ ਹੋਣ ਨਾਲ ਡੇਂਗੂ ਅਤੇ ਮਲੇਰੀਏ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਈ ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ। ਅਮਲੀ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਵਸਨੀਕਾਂ ਨੇ ਦੋਸ਼ ਲਗਾਇਆ ਕਿ ਵਿਭਾਗ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਅਣਡਿੱਠਾ ਕੀਤਾ ਜਾ ਰਿਹਾ ਹੈ। ਕਾਲੋਨੀ ਵਾਸੀਆਂ ਨੇ ਦੱਸਿਆ ਕਿ ਇਸ ਗੰਦਗੀ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦੀ ਸਿਹਤ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਜੇਕਰ ਸਮੇਂ ਸਿਰ ਹਾਲਾਤ ਨਾ ਸੁਧਾਰੇ ਗਏ ਤਾਂ ਕਿਸੇ ਵੀ ਵੇਲੇ ਡੇਂਗੂ, ਮਲੇਰੀਆ ਜਾਂ ਹੋਰ ਛੂਤ ਦੀਆਂ ਬਿਮਾਰੀਆਂ ਫੈਲ ਸਕਦੀਆਂ ਹਨ। ਜਿਸ ਦੀ ਪੂਰੀ ਜ਼ਿੰਮੇਵਾਰੀ ਸੀਵਰੇਜ ਬੋਰਡ ਅਤੇ ਸੰਬੰਧਿਤ ਪ੍ਰਸ਼ਾਸਨ ਦੀ ਹੋਵੇਗੀ। ਲੋਕਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਿਰਫ਼ ਫੇਜ਼-2 ਬੇਦੀ ਕਲੋਨੀ ਤੱਕ ਸੀਮਤ ਨਹੀਂ, ਸਗੋਂ ਫਿਰੋਜ਼ਪੁਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੀਵਰੇਜ ਪ੍ਰਬੰਧ ਬੁਰੀ ਤਰ੍ਹਾਂ ਚਰਮਰਾ ਚੁੱਕੇ ਹਨ। ਜਾਮ ਨਾਲੀਆਂ, ਖੜ੍ਹਾ ਗੰਦਾ ਪਾਣੀ ਅਤੇ ਸਫ਼ਾਈ ਦੀ ਘਾਟ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਉੱਚ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਬੋਰਡ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਭੇਜ ਕੇ ਇਸ ਸਮੱਸਿਆ ਦਾ ਸਥਾਈ ਹੱਲ ਕਰਵਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੇ ਹੱਕ ’ਚ ਨਿੱਤਰੀਆਂ ਵਾਲਮੀਕਿ ਸਮਾਜ ਦੀਆਂ ਜਥੇਬੰਦੀਆਂ, ਧਰਨੇ ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੋਲੀਟੈਕਨਿਕ ਦਾਮਲਾ ਵਿਖੇ ਹਵਨ ਯੱਗ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ
Ad Position 24
No active advertisement