ਜ਼ੀਰਾ, 28 ਜੁਲਾਈ (ਹਰਜੀਤ ਸਿੰਘ ਗਿੱਲ)-ਬਾਰ ਐਸੋਸੀਏਸ਼ਨ ਜ਼ੀਰਾ ਵਲੋਂ ਐੱਲ.ਏ.ਡੀ.ਸੀ. ਪ੍ਰਬੰਧ ਦੇ ਵਿਰੁੱਧ ਧਰਨਾ ਚੱਲ ਰਿਹਾ ਹੈ। ਇਸ ਜਾਰੀ ਧਰਨੇ ਦੀ ਮਿਸਲ ਸਤਲੁਜ ਅਤੇ ਸਾਂਝਾ ਮੋਰਚਾ ਜ਼ੀਰਾ ਵਲੋਂ ਵੀ ਹਮਾਇਤ ਕੀਤੀ ਗਈ ਹੈ। ਇਸ ਮੌਕੇ ਮਿਸਲ ਸਤਲੁਜ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਐੱਲ.ਏ.ਡੀ.ਸੀ ਪ੍ਰਬੰਧ ਦੀ ਦੁਰਵਰਤੋਂ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਬਿਨਾਂ ਯੋਗ ਜਾਂਚ ਦੇ ਮੁਫ਼ਤ ਕਾਨੂੰਨੀ ਸਹਾਇਤਾ ਮਿਲਦੀ ਹੈ ਤਾਂ ਇਸ ਨਾਲ ਅਪਰਾਧੀਆਂ ਦਾ ਹੌਸਲਾ ਹੋਰ ਵੀ ਵਧੇਗਾ ਜਿਸ ਕਰਕੇ ਸਮਾਜ ’ਚ ਅਪਰਾਧ ਵਧਣ ਦਾ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਪ੍ਰਬੰਧ ਦੀ ਸਮੀਖਿਆ ਕਰਨ ਪਿੱਛੋਂ ਇਸ ਦੀ ਦੁਰਵਰਤੋਂ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਕਰਵਲ ਨੇ ਕਿਹਾ ਕਿ ਐੱਲ.ਏ.ਡੀ.ਸੀ ਪ੍ਰਬੰਧ ਸਮਾਜਕ ਸੁਰੱਖਿਆ ਅਤੇ ਨਿਆਂ ਪ੍ਰਣਾਲੀ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ ਜਿਸ ਕਰਕੇ ਵਕੀਲ ਭਾਈਚਾਰਾ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਪ੍ਰਬੰਧ ਦੇ ਵਿਰੋਧ ਵਿਚ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਗੁਰਬੀਰ ਸਿੰਘ ਬੱਬੂ ਖੋਸਾ ਤੂੰਬੜਭੰਨ ਅਤੇ ਸਾਂਝਾ ਮੋਰਚਾ ਦੇ ਆਗੂ ਰੋਮਨ ਬਰਾੜਨੇ ਕਿਹਾ ਕਿ ਇਹ ਮਸਲਾ ਕੱਲੇ ਵਕੀਲਾਂ ਦਾ ਨਹੀਂ ਬਲਕਿ ਇਹ ਸਭ ਵਰਗਾਂ ਨੂੰ ਪ੍ਰਭਾਵਿਤ ਕਰੇਗਾ, ਇਸ ਕਰਕੇ ਮਿਸਲ ਸਤਲੁਜ ਇਸ ਸੰਘਰਸ਼ ’ਚ ਹਰ ਤਰਾਂ ਨਾਲ ਵਕੀਲ ਭਾਈਚਾਰੇ ਦੀ ਹਮਾਇਤ ਕਰੇਗੀ । ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਲੋਕ ਹਿੱਤਾਂ ਦਾ ਮਸਲਾ ਹੋਣ ਕਰਕੇ ਇਸ ਵਿਚ ਸਮਾਜ ਦੇ ਹਰ ਵਰਗ ਨੂੰ ਵਕੀਲ ਭਾਈਚਾਰੇ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਮਿਸਲ ਸਤਲੁਜ ਵਲੋਂ ਗੁਰਪ੍ਰੇਮ ਸਿੰਘ ਸਰਾਂ, ਜਸਨੂਰ ਸਿੰਘ ਬਰਾੜ, ਤਜਿੰਦਰ ਸਿੰਘ ਕੰਗ ਅਤੇ ਤਵਿੰਦਰ ਸਿੰਘ ਵੀ ਹਾਜ਼ਰ ਸਨ।