ਐਸ.ਐਮ.ਡੀ. ਕਾਨਵੈਂਟ ਸਕੂਲ ਪਿੰਡੀ ਵਿਖੇ ਮਨਾਇਆ 3 ਰੋਜ਼ਾ ਤੀਆਂ ਦਾ ਤਿਉਹਾਰ
ਪੰਜਾਬੀ ਵਿਰਾਸਤ, ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਸਕੂਲ ਦੇ ਬੱਚਿਆਂ ਨੇ ਕੀਤੀਆਂ ਵੱਖ-ਵੱਖ ਝਲਕੀਆਂ ਪੇਸ਼
ਗੋਲੂ ਕਾ ਮੋੜ, 12 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਐਸ. ਐਮ.
ਗੋਲੂ ਕਾ ਮੋੜ, 12 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਐਸ.ਐਮ.ਡੀ ਕਾਨਵੈਂਟ ਸਕੂਲ ਪਿੰਡੀ ਵਿਖੇ ਬੱਚਿਆਂ ਨੂੰ ਪੰਜਾਬੀ ਵਿਰਾਸਤ, ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦੇ ਉਦੇਸ਼ ਨਾਲ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ ਅਤੇ ਸਕੂਲ ਦੇ ਬੱਚਿਆਂ ਨੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ ਅਤੇ ਖਾਣ-ਪੀਣ ਦੇ ਵੱਖ-ਵੱਖ ਸਟਾਲ ਲਗਾਏ ਗਏ। ਸਕੂਲ ਵਿਚ ਪੰਜਾਬੀ ਵਿਰਾਸਤ ਨੂੰ ਦਰਸਾਉਣ ਲਈ ਇਕ ਵਿਸ਼ੇਸ਼ ਭਾਗ ਤਿਆਰ ਕੀਤਾ ਗਿਆ। ਜਿੱਥੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਫਿਲਮਾਂ ਦਿਖਾਈਆਂ ਗਈਆਂ। ਇਸ ਦੇ ਨਾਲ ਹੀ ਇਕ ਛੋਟਾ ਵਿਰਾਸਤੀ ਮਿਊਜ਼ੀਅਮ ਡਿਸਪਲੇ ਵੀ ਲਗਾਇਆ ਗਿਆ। ਜਿਸ ਵਿਚ ਪੁਰਾਤਨ ਪੰਜਾਬੀ ਜੀਵਨ ਨਾਲ ਸਬੰਧਤ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਮੇਲੇ ਦੌਰਾਨ ਬੱਚਿਆਂ ਨੇ ਗਿੱਧਾ, ਭੰਗੜਾ ਅਤੇ ਤੀਜ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਪਹਿਲੇ ਦਿਨ ਸਮਾਗਮ ਦਾ ਉਦਘਾਟਨ ਸੇਵਾ ਮੁਕਤ ਬੀਪੀਓ ਪੂਰਨ ਚੰਦ ਵਲੋਂ ਕੀਤਾ ਗਿਆ। ਦੂਜੇ ਦਿਨ ਡੇਰਾ ਬਾਬਾ ਭੁਮਣ ਸ਼ਾਹ ਦੇ ਗੱਦੀ ਨਸ਼ੀਨ ਬਾਬਾ ਅਮਰਜੀਤ ਦਾਸ ਨੇ ਸ਼ਿਰਕਤ ਕੀਤੀ। ਇਸ ਦੌਰਾਨ ਤੀਜੇ ਅਤੇ ਆਖਰੀ ਦਿਨ ਦੇ ਸਮਾਪਤੀ ਸਮਾਰੋਹ ਦੀ ਰਸਮੀ ਸ਼ੁਰੂਆਤ ਐਸ.ਐਮ.ਡੀ ਫਾਊਂਡੇਸ਼ਨ ਦੇ ਸਰਪ੍ਰਸਤ ਮਾਤਾ ਮਹਾਵੀਰੀ ਦੇਵੀ ਅਤੇ ਚੇਅਰਮੈਨ ਡਾ. ਨਰਿੰਦਰ ਸਿੰਘ ਵਲੋਂ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਕਰਦਿਆ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਪੰਜਾਬੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦਿਆਂ ਮਿਹਨਤ, ਲਗਨ ਅਤੇ ਅਨੁਸ਼ਾਸਨ ਦੀ ਮਹੱਤਤਾ ਬਾਰੇ ਦੱਸਿਆ। ਰਾਜ ਪੱਧਰੀ ਜੇਤੂ ਸਕੂਲ ਦੀਆਂ ਦੋ ਹੋਣਹਾਰ ਖਿਡਾਰਨਾਂ ਅਤੇ ਕ੍ਰਿਕਟਰ ਅਤੇ ਐਥਲੀਟ ਸੀਰਤ ਕੌਰ ਅਤੇ ਸੋਨੀਆ ਰਾਣੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਅੰਤ ਵਿੱਚ ਤਿੰਨ ਰੋਜ਼ਾ ਫੈਸਟੀਵਲ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਵੱਖ-ਵੱਖ ਡਿਊਟੀਆਂ ਨਿਭਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਬੀ.ਪੀ.ਈ.ਓ ਪੂਰਨ ਚੰਦ, ਸਵਰਨ ਸਿੰਘ, ਰਾਜੂ ਚਲਾਣਾ, ਰੋਹਿਤ ਸੋਢੀ, ਹਨੂ ਤਿਵਾਰੀ, ਰਾਜੂ, ਮਿੰਟੂ ਕੰਧਾਰੀ ਅਤੇ ਸਕੂਲ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਹਾਜਰ ਸਨ।