ਅਨਾਜ ਮੰਡੀਆਂ ’ਚੋਂ ਫ਼ਸਲ ਦੀ ਲਿਫ਼ਟਿੰਗ ਦਾ ਕੰਮ ਆੜ੍ਹਤੀਆਂ ਨੂੰ ਸੌਂਪਿਆ ਜਾਵੇ- ਇੰਦਰਜੀਤ ਸਿੰਘ
ਮੁੱਦਕੀ, 11 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਫ਼ਸਲ ਦੀ ਲੋਡਿੰਗ ਅਤੇ ਲਿਫ਼ਟਿੰਗ (ਚੁਕਾਈ) ਦਾ ਕੰਮ ਆੜ੍ਹਤੀਆਂ ਨੂੰ ਸੌਂਪਣ ਦੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਹੈ। ਆੜ੍ਹਤੀਆਂ ਤੇ ਮੰਡੀ ਮਜ਼ਦੂਰ ਯੂਨੀਅਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਕੰਮ ਸਿੱਧਾ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਤਾਂ ਮੰਡੀਆਂ ਵਿਚੋਂ ਫ਼ਸਲ ਦੀ ਚੁਕਾਈ ਸਮੇਂ ਸਿਰ ਹੋ ਸਕਦੀ ਹੈ ਤੇ ਕਿਸਾਨਾਂ ਨੂੰ ਖ਼ਰਾਬ ਮੌਸਮ ਜਾਂ ਥਾਂ ਦੀ ਘਾਟ ਕਾਰਨ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ।
ਮੁੱਦਕੀ, 11 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਫ਼ਸਲ ਦੀ ਲੋਡਿੰਗ ਅਤੇ ਲਿਫ਼ਟਿੰਗ (ਚੁਕਾਈ) ਦਾ ਕੰਮ ਆੜ੍ਹਤੀਆਂ ਨੂੰ ਸੌਂਪਣ ਦੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਹੈ। ਆੜ੍ਹਤੀਆਂ ਤੇ ਮੰਡੀ ਮਜ਼ਦੂਰ ਯੂਨੀਅਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਕੰਮ ਸਿੱਧਾ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਤਾਂ ਮੰਡੀਆਂ ਵਿਚੋਂ ਫ਼ਸਲ ਦੀ ਚੁਕਾਈ ਸਮੇਂ ਸਿਰ ਹੋ ਸਕਦੀ ਹੈ ਤੇ ਕਿਸਾਨਾਂ ਨੂੰ ਖ਼ਰਾਬ ਮੌਸਮ ਜਾਂ ਥਾਂ ਦੀ ਘਾਟ ਕਾਰਨ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਮੌਜੂਦਾ ਟੈਂਡਰ ਪ੍ਰਣਾਲੀ (ਠੇਕੇਦਾਰਾਂ ਰਾਹੀਂ) ਕਈ ਵਾਰ ਸੁਸਤ ਸਾਬਤ ਹੁੰਦੀ ਹੈ, ਜਿਸ ਕਾਰਨ ਮੰਡੀਆਂ ਬੋਰੀਆਂ ਨਾਲ ਨੱਕੋ-ਨੱਕ ਭਰ ਜਾਂਦੀਆਂ ਹਨ। ਆੜ੍ਹਤੀਆਂ ਕੋਲ ਆਪਣੇ ਪੱਧਰ ’ਤੇ ਲੋਕਲ ਲੇਬਰ (ਮਜ਼ਦੂਰ) ਤੇ ਟਰਾਂਸਪੋਰਟ ਦੇ ਸਾਧਨ ਮੌਜੂਦ ਹੁੰਦੇ ਹਨ ਜਿਸ ਨਾਲ ਉਹ ਫ਼ਸਲ ਵਿਕਣ ਦੇ ਤੁਰੰਤ ਬਾਅਦ ਲੋਡਿੰਗ ਸ਼ੁਰੂ ਕਰਵਾ ਸਕਦੇ ਹਨ। ਜਦੋਂ ਫ਼ਸਲ ਕਈ ਦਿਨ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਪਈ ਰਹਿੰਦੀ ਹੈ ਤਾਂ ਧੁੱਪ ਕਾਰਨ ਉਸ ਦੀ ਨਮੀ ਘੱਟ ਜਾਂਦੀ ਹੈ ਤੇ ਵਜ਼ਨ ਘਟਣ ’ਤੇ ਆੜ੍ਹਤੀਆਂ ਨੂੰ ਜੁਰਮਾਨੇ ਭਰਨੇ ਪੈਂਦੇ ਹਨ। ਅਚਾਨਕ ਪੈਣ ਵਾਲੇ ਮੀਂਹ ਜਾਂ ਗੜੇਮਾਰੀ ਕਾਰਨ ਫ਼ਸਲ ਦੇ ਖ਼ਰਾਬ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਜੇਕਰ ਲੋਡਿੰਗ ਆੜ੍ਹਤੀਆਂ ਕੋਲ ਹੋਵੇ ਤਾਂ ਉਹ ਤੁਰੰਤ ਫ਼ਸਲ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਮੰਡੀਆਂ ਵਿਚ ਜਗ੍ਹਾ ਖਾਲੀ ਰਹਿਣ ਨਾਲ ਅਗਲੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਖ਼ਰਾਬ ਮੌਸਮ ਜਾਂ ਥਾਂ ਦੀ ਘਾਟ ਕਾਰਨ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਆੜ੍ਹਤੀਆਂ ਦਾ ਸਥਾਨਕ ਪੱਧਰ ’ਤੇ ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਨਾਲ ਸਿੱਧਾ ਸੰਪਰਕ ਹੁੰਦਾ ਹੈ, ਜਿਸ ਨਾਲ ਮੰਡੀਆਂ ਵਿਚ ਫ਼ਸਲ ਦੇ ਅੰਬਾਰ ਲੱਗਣ ਦੀ ਸਮੱਸਿਆ ਘੱਟ ਹੋ ਸਕਦੀ ਹੈ। ਇੰਦਰਜੀਤ ਸਿੰਘ ਵੜਿੰਗ ਪ੍ਰਧਾਨ, ਫਕੀਰ ਚੰਦ ਅਗਰਵਾਲ, ਅਮਨ ਕੁਮਾਰ ਗਰਗ ਈਸ਼ੂ, ਹਰੀਸ਼ ਚਾਵਲਾ, ਨਰਿੰਦਰ ਕੁਮਾਰ ਨੋਨੀ ਆੜ੍ਹਤੀਆ, ਗੁਰਮੀਤ ਸਿੰਘ ਬਰਾੜ ਆੜ੍ਹਤੀਆ ਆਦਿ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਉਣ ਵਾਲੇ ਇਕ ਮਹੀਨੇ ਤੱਕ ਝੋਨੇ ਦੀ ਆਮਦ ਮੰਡੀਆਂ ’ਚ ਸ਼ੁਰੂ ਹੋ ਜਾਣੀ ਹੈ ਕਿ ਇਸ ਝੋਨੇ ਦੀ ਲਿਫ਼ਟਿੰਗ ਦਾ ਕੰਮ ਆੜ੍ਹਤੀਆਂ ਨੂੰ ਸੌਂਪਿਆ ਜਾਵੇ ਤਾਂ ਜੋ ਝੋਨੇ ਦੀ ਮੰਡੀਆਂ ’ਚੋਂ ਚੁਕਾਈ ਸਹੀ ਸਮੇਂ ’ਤੇ ਹੋ ਸਕੇ।