ਸਾਂਝਾ ਪੰਜਾਬ ਮੋਰਚਾ ਵਲੋਂ ਕਨਵੈਨਸ਼ਨ ਕਰਕੇ ਸੂਬੇ ਦਾ ਰਾਜਨੀਤਿਕ ਮਾਹੌਲ ਬਦਲਣ ਦਾ ਸੱਦਾ
ਫ਼ਿਰੋਜ਼ਪੁਰ, 5 ਅਕਤੂਬਰ (ਕੁਲਬੀਰ ਸਿੰਘ ਸੋਢੀ)- ਪੰਜਾਬ ਦੇ ਸਾਂਝੇ ਮੁੱਦਿਆਂ ਨੂੰ ਲੈ ਕੇ ਸਾਂਝਾ ਪੰਜਾਬ ਮੋਰਚਾ ਵਲੋਂ ਪਿੰਡ ਆਲੇ ਵਾਲਾ ਵਿਖੇ ਕਨਵੈਨਸ਼ਨ ਕਰਵਾਈ ਗਈ ਜਿਸ ਵਿਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਵੱਖ-ਵੱਖ ਲੋਕਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਕਨਵੈਨਸ਼ਨ ਦੌਰਾਨ ਪੰਜਾਬ ਨਾਲ ਸਬੰਧਿਤ ਅਹਿਮ ਮਸਲਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਇਨ੍ਹਾਂ ਮੁੱਦਿਆਂ ਨੂੰ ਸਾਂਝੇ ਤੌਰ ’ਤੇ ਉਠਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਫ਼ਿਰੋਜ਼ਪੁਰ, 5 ਅਕਤੂਬਰ (ਕੁਲਬੀਰ ਸਿੰਘ ਸੋਢੀ)- ਪੰਜਾਬ ਦੇ ਸਾਂਝੇ ਮੁੱਦਿਆਂ ਨੂੰ ਲੈ ਕੇ ਸਾਂਝਾ ਪੰਜਾਬ ਮੋਰਚਾ ਵਲੋਂ ਪਿੰਡ ਆਲੇ ਵਾਲਾ ਵਿਖੇ ਕਨਵੈਨਸ਼ਨ ਕਰਵਾਈ ਗਈ ਜਿਸ ਵਿਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਵੱਖ-ਵੱਖ ਲੋਕਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਕਨਵੈਨਸ਼ਨ ਦੌਰਾਨ ਪੰਜਾਬ ਨਾਲ ਸਬੰਧਿਤ ਅਹਿਮ ਮਸਲਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਇਨ੍ਹਾਂ ਮੁੱਦਿਆਂ ਨੂੰ ਸਾਂਝੇ ਤੌਰ ’ਤੇ ਉਠਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ, ਸੂਬੇ ਦੇ ਅਧਿਕਾਰਾਂ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ, ਫ਼ਸਲਾਂ ਦੇ ਵਾਜਬ ਭਾਅ ਤੇ ਖ਼ਰੀਦ ਦੀ ਗਾਰੰਟੀ, ਨੌਜਵਾਨਾਂ ਲਈ ਰੁਜ਼ਗਾਰ, ਆਬਾਦਕਾਰ ਕਿਸਾਨਾਂ ਦੇ ਮਾਲਕੀ ਹੱਕ, ਦਲਿਤ ਮਜ਼ਦੂਰਾਂ ਦੇ ਜ਼ਮੀਨੀ ਹੱਕ ਤੇ ਮੁਲਾਜ਼ਮਾਂ ਦੇ ਬਕਾਏ ਵਰਗੇ ਮਸਲੇ ਲੰਮੇ ਸਮੇਂ ਤੋਂ ਪੰਜਾਬ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਵੱਖ-ਵੱਖ ਤੌਰ ’ਤੇ ਉਠਾਉਣ ਦੀ ਬਜਾਏ ਸਾਂਝੀ ਆਵਾਜ਼ ਨਾਲ ਸਰਕਾਰਾਂ ਤੇ ਸਬੰਧਿਤ ਧਿਰਾਂ ਸਾਹਮਣੇ ਰੱਖਣ ਦੀ ਲੋੜ ਹੈ। ਕਨਵੈਨਸ਼ਨ ਵਿਚ ਭਾਰਤ ਦੇ ਸੰਘੀ ਢਾਂਚੇ ਤੇ ਪੰਜਾਬ ਦੇ ਸੰਵਿਧਾਨਕ ਤੇ ਆਰਥਿਕ ਅਧਿਕਾਰਾਂ ਨਾਲ ਸਬੰਧਿਤ ਮਸਲਿਆਂ ’ਤੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਪਾਣੀਆਂ ਦੀ ਵੰਡ, ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਵੀ ਵਿਚਾਰਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਨਾਲ ਜੁੜੇ ਇਨ੍ਹਾਂ ਮਾਮਲਿਆਂ ਨੂੰ ਲੋਕਾਂ ਦੇ ਬੁਨਿਆਦੀ ਆਰਥਿਕ ਤੇ ਸਮਾਜਿਕ ਮੁੱਦਿਆਂ ਨਾਲ ਜੋੜ ਕੇ ਦੇਖਣ ਦੀ ਲੋੜ ਹੈ। ਕਨਵੈਨਸ਼ਨ ਵਿਚ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਬੁਲਾਰਿਆਂ ਨੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ, ਫ਼ਸਲਾਂ ਦੀ ਯਕੀਨੀ ਖ਼ਰੀਦ, ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ੇ ਤੋਂ ਰਾਹਤ, ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਤੇ ਦਲਿਤ ਮਜ਼ਦੂਰਾਂ ਦੇ ਜ਼ਮੀਨੀ ਹੱਕਾਂ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕਨਵੈਨਸ਼ਨ ਦੌਰਾਨ ਆਗੂਆਂ ਵਲੋਂ ਪੰਜਾਬ ਦੇ ਮੌਜੂਦਾ ਰਾਜਨੀਤਿਕ ਮਾਹੌਲ ਵਿਚ ਲੋਕ ਮੁੱਦਿਆਂ ਨੂੰ ਕੇਂਦਰ ਵਿਚ ਲਿਆਉਣ ਅਤੇ ਸੂਬੇ ਦੀ ਰਾਜਨੀਤਿਕ ਦਿਸ਼ਾ ਵਿਚ ਤਬਦੀਲੀ ਲਈ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਮਹਿਮਾ, ਜੁਗਰਾਜ ਸਿੰਘ ਟੱਲੇਵਾਲ, ਭਜਨ ਸਿੰਘ ਘੁੰਮਣ, ਗੁਰਮੇਲ ਸਿੰਘ ਮਾਛੀਕੇ, ਦਲਵਿੰਦਰ ਸਿੰਘ ਸ਼ੇਰਖਾ ਤੇ ਗੁਰਮੀਤ ਸਿੰਘ ਮਹਿਮਾ ਨੇ ਪੰਜਾਬ ਦੇ ਸਾਂਝੇ ਮੁੱਦਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਸਾਂਝੇ ਸੰਘਰਸ਼ਾਂ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।