19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜਲਾਲਾਬਾਦ ਦਾ ਵੈਲਕਮ ਪੁਆਇੰਟ ਬਣਿਆ ਕਹਿਰਵਾਨ, ਸਰਕਾਰ ਦੀ ਬੇਰੁਖ਼ੀ ਦਾ ਸੰਤਾਪ ਹੰਢਾ ਰਹੇ ਹਨ ਆਮ ਲੋਕ ਆਖ਼ਰ ਕਿਸ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਪ੍ਰਸ਼ਾਸਨ ?

ਜਲਾਲਾਬਾਦ, 18 ਅਕਤੂਬਰ (ਕਰਨ ਚੁਚਰਾ)- ਸ਼ਹਿਰ ਦੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਵੈੱਲਕਮ ਪੁਆਇੰਟ ਅੱਜ ਕੱਲ੍ਹ ਲੋਕਾਂ ਦੇ ਸਵਾਗਤ ਦੀ ਬਜਾਏ ਹਾਦਸਿਆਂ ਨੂੰ ਸੱਦਾ ਦੇਣ ਲਈ ਚਰਚਾ ਵਿਚ ਹੈ। ਸੜਕ ’ਤੇ ਥਾਂ-ਥਾਂ ਪਏ ਡੂੰਘੇ ਖੱਡੇ, ਉੱਖੜਿਆ ਹੋਇਆ ਰਸਤਾ ਤੇ ਲਗਾਤਾਰ ਵਧਦੀਆਂ ਮੁਸ਼ਕਲਾਂ ਇਸ ਅਹਿਮ ਮਾਰਗ ਦੀ ਬਦਹਾਲੀ ਦੀ ਕਹਾਣੀ ਖ਼ੁਦ ਬਿਆਨ ਕਰ ਰਹੀਆਂ ਹਨ।

Ad Position 21
No active advertisement
ਜਲਾਲਾਬਾਦ ਦੇ ਵੈਲਕਮ ਪੁਆਇੰਟ ’ਤੇ ਖੱਡਿਆਂ ’ਚ ਵੱਜ ਕੇ ਪਲਟੀ ਕਿਸਾਨ ਦੀ ਝੋਨੇ ਨਾਲ ਭਰੀ ਟਰਾਲੀ। ਤਸਵੀਰ-ਕਰਨ ਚੁਚਰਾ 19-10-2026
ਜਲਾਲਾਬਾਦ, 18 ਅਕਤੂਬਰ (ਕਰਨ ਚੁਚਰਾ)- ਸ਼ਹਿਰ ਦੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਵੈੱਲਕਮ ਪੁਆਇੰਟ ਅੱਜ ਕੱਲ੍ਹ ਲੋਕਾਂ ਦੇ ਸਵਾਗਤ ਦੀ ਬਜਾਏ ਹਾਦਸਿਆਂ ਨੂੰ ਸੱਦਾ ਦੇਣ ਲਈ ਚਰਚਾ ਵਿਚ ਹੈ। ਸੜਕ ’ਤੇ ਥਾਂ-ਥਾਂ ਪਏ ਡੂੰਘੇ ਖੱਡੇ, ਉੱਖੜਿਆ ਹੋਇਆ ਰਸਤਾ ਤੇ ਲਗਾਤਾਰ ਵਧਦੀਆਂ ਮੁਸ਼ਕਲਾਂ ਇਸ ਅਹਿਮ ਮਾਰਗ ਦੀ ਬਦਹਾਲੀ ਦੀ ਕਹਾਣੀ ਖ਼ੁਦ ਬਿਆਨ ਕਰ ਰਹੀਆਂ ਹਨ। ਹਾਲਾਤ ਇਹ ਹਨ ਕਿ ਇਸ ਰਸਤੇ ਤੋਂ ਲੰਘਣਾ ਰਾਹਗੀਰਾਂ ਲਈ ਕਿਸੇ ਖ਼ਤਰੇ ਤੋਂ ਘੱਟ ਨਹੀਂ ਰਿਹਾ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਇਸ ਸੜਕ ’ਤੇ ਹਾਦਸੇ ਵਾਪਰ ਰਹੇ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਜ਼ਿੰਮੇਵਾਰ ਵਿਭਾਗਾਂ ਦੀ ਨੀਂਦ ਕਦੋਂ ਖੁੱਲ੍ਹੇਗੀ? ਵੈੱਲਕਮ ਪੁਆਇੰਟ ਦੀ ਖਸਤਾ ਹਾਲਤ ਦਾ ਖ਼ਮਿਆਜ਼ਾ ਹੁਣ ਕਿਸਾਨਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਕਣਕ ਦੇ ਸੀਜ਼ਨ ਦੌਰਾਨ ਇਕ ਗ਼ਰੀਬ ਕਿਸਾਨ ਦੀ 6 ਏਕੜ ਦੀ ਫ਼ਸਲ ਕਣਕ ਨਾਲ ਭਰੀ ਟਰਾਲੀ ਇਸ ਸਥਾਨ ’ਤੇ ਮਿੱਟੀ ਵਿਚ ਰੁਲ ਗਈ ਸੀ। ਉਸ ਸਮੇਂ ਵੀ ਸੜਕ ਦੀ ਮਾੜੀ ਹਾਲਤ ਕਾਰਨ ਪੈਦਾ ਹੋਏ ਖ਼ਤਰੇ ਨੂੰ ਲੈ ਕੇ ਸਵਾਲ ਉੱਠੇ ਸਨ ਪਰ ਹੁਣ ਝੋਨੇ ਦੇ ਸੀਜ਼ਨ ਵਿਚ ਇਕ ਹੋਰ ਕਿਸਾਨ ਦੀ ਝੋਨੇ ਨਾਲ ਭਰੀ ਟਰਾਲੀ ਹਾਦਸਾਗ੍ਰਸਤ ਹੋ ਗਈ ਤੇ ਝੋਨਾ ਸੜਕ ’ਤੇ ਖਿੱਲਰ ਗਿਆ। ਇਹ ਸਿਰਫ਼ ਇਕ ਟਰਾਲੀ ਦੇ ਹਾਦਸੇ ਦੀ ਗੱਲ ਨਹੀਂ, ਸਗੋਂ ਉਸ ਕਿਸਾਨ ਦੀ ਮਿਹਨਤ ਅਤੇ ਆਰਥਿਕ ਨੁਕਸਾਨ ਦਾ ਮਾਮਲਾ ਹੈ, ਜੋ ਦਿਨ-ਰਾਤ ਮਿਹਨਤ ਕਰਕੇ ਆਪਣੀ ਫ਼ਸਲ ਤਿਆਰ ਕਰਦਾ ਹੈ। ਕਿਸਾਨਾਂ ਨੂੰ ਪਹਿਲਾਂ ਹੀ ਖੇਤੀ ਦੇ ਵਧਦੇ ਖ਼ਰਚਿਆਂ ਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਜੇਕਰ ਸੜਕਾਂ ਦੀ ਬਦਹਾਲੀ ਕਾਰਨ ਉਨ੍ਹਾਂ ਦੀ ਫ਼ਸਲ ਵੀ ਨੁਕਸਾਨੀ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸੜਕ ਦੀ ਮੁਰੰਮਤ ਹੋ ਜਾਂਦੀ ਤਾਂ ਸ਼ਾਇਦ ਅਜਿਹੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਫਾਜ਼ਿਲਕਾ-ਫਿਰੋਜ਼ਪੁਰ ਰੋਡ ਦਾ ਇਹ ਵੈੱਲਕਮ ਪੁਆਇੰਟ ਜਲਾਲਾਬਾਦ ਲਈ ਬੇਹੱਦ ਮਹੱਤਵਪੂਰਨ ਹੈ। ਇਸੇ ਮਾਰਗ ’ਤੇ ਨਵਾਂ ਬੱਸ ਅੱਡਾ, ਸਕੂਲ, ਅੱਧਾ ਦਰਜਨ ਦੇ ਕਰੀਬ ਕਾਲੋਨੀਆਂ, ਸਰਕਾਰੀ ਆਈ.ਟੀ.ਆਈ., ਸਤਿਸੰਗ ਘਰ ਤੇ ਬੀ.ਐੱਸ.ਐੱਫ. ਦਾ ਹੈੱਡਕੁਆਰਟਰ ਸਥਿਤ ਹਨ। ਇਸ ਤੋਂ ਇਲਾਵਾ ਫ਼ਾਜ਼ਿਲਕਾ, ਅਬੋਹਰ ਤੇ ਸ੍ਰੀ ਗੰਗਾਨਗਰ ਵਲੋਂ ਆਉਣ ਵਾਲੇ ਲੋਕ ਵੀ ਇਸੇ ਰਸਤੇ ਰਾਹੀਂ ਫ਼ਿਰੋਜ਼ਪੁਰ ਵੱਲ ਜਾਂਦੇ ਹਨ। ਇਸ ਮਾਰਗ ’ਤੇ ਵਿਦਿਆਰਥੀਆਂ, ਮੁਲਾਜ਼ਮਾਂ, ਕਿਸਾਨਾਂ, ਵਪਾਰੀਆਂ ਤੇ ਆਮ ਲੋਕਾਂ ਦੀ ਲਗਾਤਾਰ ਆਵਾਜਾਈ ਰਹਿੰਦੀ ਹੈ। ਇਸ ਦੇ ਬਾਵਜੂਦ ਸੜਕ ਦੀ ਅਜਿਹੀ ਹਾਲਤ ਬਣੀ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਇੰਨੇ ਮਹੱਤਵਪੂਰਨ ਰਸਤੇ ਦੀ ਮੁਰੰਮਤ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਸੀ ਪਰ ਲੰਮੇ ਸਮੇਂ ਤੋਂ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਬਰਸਾਤ ਦੇ ਦਿਨਾਂ ਵਿਚ ਇਸ ਸੜਕ ਦੀ ਹਾਲਤ ਹੋਰ ਵੀ ਗੰਭੀਰ ਹੋ ਜਾਂਦੀ ਹੈ। ਖੱਡਿਆਂ ਵਿਚ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਉਨ੍ਹਾਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ। ਦੋਪਹੀਆ ਵਾਹਨ ਚਾਲਕਾਂ ਲਈ ਤਾਂ ਇਹ ਸਥਿਤੀ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਅਚਾਨਕ ਖੱਡੇ ਸਾਹਮਣੇ ਆਉਣ ’ਤੇ ਵਾਹਨ ਦਾ ਸੰਤੁਲਨ ਵਿਗੜਨ ਤੇ ਹੋਰ ਵਾਹਨਾਂ ਨਾਲ ਟੱਕਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦਾ ਸਪਸ਼ਟ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕਿਸੇ ਅਣਸੁਖਾਵੀਂ ਘਟਨਾ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਸਥਾਨ ਦੀ ਸੜਕ ਦੀ ਮੁਰੰਮਤ ਲਈ ਕੋਈ ਠੋਸ ਕੰਮ ਹੁੰਦਾ ਨਜ਼ਰ ਨਹੀਂ ਆਇਆ। ਸਥਾਨਕ ਵਿਧਾਇਕ ਗੋਲਡੀ ਕੰਬੋਜ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਜਵਾਬਦੇਹੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਲੋਕ ਪੁੱਛ ਰਹੇ ਹਨ ਕਿ ਜਦੋਂ ਸ਼ਹਿਰ ਦੇ ਅਹਿਮ ਰਸਤੇ ’ਤੇ ਪਏ ਖੱਡਿਆਂ ਕਾਰਨ ਹਾਦਸੇ ਵਾਪਰ ਰਹੇ ਹਨ ਤਾਂ ਇਸ ਸਮੱਸਿਆ ਦਾ ਸਥਾਈ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ? ਕੀ ਸੜਕ ਦੀ ਮੁਰੰਮਤ ਲਈ ਕਿਸੇ ਵੱਡੇ ਹਾਦਸੇ ਦਾ ਵਾਪਰਨਾ ਲਾਜ਼ਮੀ ਹੈ। ਲੋਕਾਂ ਦੀ ਮੰਗ ਹੈ ਕਿ ਸੜਕ ਦੀ ਤੁਰੰਤ ਜਾਂਚ ਕਰਵਾਈ ਜਾਵੇ, ਡੂੰਘੇ ਖੱਡਿਆਂ ਨੂੰ ਫ਼ੌਰੀ ਤੌਰ ’ਤੇ ਭਰਿਆ ਜਾਵੇ ਤੇ ਸੜਕ ਦੀ ਪੱਕੇ ਤੌਰ ’ਤੇ ਮੁਰੰਮਤ ਕਰਵਾਈ ਜਾਵੇ। ਵੈੱਲਕਮ ਪੁਆਇੰਟ ਦੀ ਖਸਤਾ ਹਾਲਤ ਤੇ ਸੜਕ ’ਤੇ ਪਏ ਡੂੰਘੇ ਖੱਡਿਆਂ ਦੇ ਮਾਮਲੇ ’ਤੇ ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ ਨੇ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਗੋਲਡੀ ਕੰਬੋਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾ ਕੇ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਠਿਆਈਆਂ ’ਤੇ ਲੱਗਣ ਵਾਲੇ ਚਾਂਦੀ ਵਰਕ ਦੀ ਗੁਣਵੱਤਾ ਯਕੀਨੀ ਬਣਾਉਣ ਦੀ ਫ਼ੂਡ ਸੇਫਟੀ ਵਿਭਾਗ ਵਲੋਂ ਅਪੀਲ ਅਗਲੀ ਖ਼ਬਰ ਵਿਧਾਇਕ ਭੁੱਲਰ ਅਤੇ ਟੀਮ ਵਲੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਛਾਉਣੀ ਦੇ ਖ਼ਾਲਸਾ ਗੁਰਦੁਆਰਾ ਤੋਂ ਆਜ਼ਾਦ ਚੌਕ ਤੱਕ ਡੋਰ-...
Ad Position 24