ਫ਼ਿਰੋਜ਼ਪੁਰ ’ਚ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
ਫ਼ਿਰੋਜ਼ਪੁਰ, 31 ਅਕਤੂਬਰ (ਗੁਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ 4161 ਮਾਸਟਰ ਕਾਡਰ ਭਰਤੀ ਤਹਿਤ ਨਿਯੁਕਤ ਕੀਤੇ ਗਏ 253 ਅਧਿਆਪਕਾਂ ਨੂੰ ਟਰਮੀਨੇਸ਼ਨ ਆਰਡਰ ਜਾਰੀ ਕਰਨ ਦੇ ਫ਼ੈਸਲੇ ਵਿਰੁੱਧ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਸਕੂਲ ਸਮੇਂ ਤੋਂ ਬਾਅਦ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਟਰਮੀਨੇਸ਼ਨ ਆਰਡਰਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਪ੍ਰਗਟਾਇਆ।
ਟ
ਟਰਮੀਨੇਸ਼ਨ ਆਰਡਰਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਉਂਦੇ ਅਧਿਆਪਕ ਜਥੇਬੰਦੀਆਂ ਦੇ ਆਗੂ ਅਤੇ ਨੁਮਾਇੰਦੇ। ਅਜੀਤ ਤਸਵੀਰ
01-11-2026
ਫ਼ਿਰੋਜ਼ਪੁਰ, 31 ਅਕਤੂਬਰ (ਗੁਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ 4161 ਮਾਸਟਰ ਕਾਡਰ ਭਰਤੀ ਤਹਿਤ ਨਿਯੁਕਤ ਕੀਤੇ ਗਏ 253 ਅਧਿਆਪਕਾਂ ਨੂੰ ਟਰਮੀਨੇਸ਼ਨ ਆਰਡਰ ਜਾਰੀ ਕਰਨ ਦੇ ਫ਼ੈਸਲੇ ਵਿਰੁੱਧ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਸਕੂਲ ਸਮੇਂ ਤੋਂ ਬਾਅਦ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਟਰਮੀਨੇਸ਼ਨ ਆਰਡਰਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਪ੍ਰਗਟਾਇਆ। ਜਥੇਬੰਦੀਆਂ ਨੇ ਕਿਹਾ ਕਿ ‘ਸਿੱਖਿਆ ਕ੍ਰਾਂਤੀ’ ਦੇ ਦਾਅਵੇ ਕਰਨ ਵਾਲੀ ਸਰਕਾਰ ਵਲੋਂ ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦਾ ਰੁਜ਼ਗਾਰ ਖੋਹਣਾ ਨੌਜਵਾਨਾਂ ਤੇ ਅਧਿਆਪਕ ਵਰਗ ਨਾਲ ਬੇਇਨਸਾਫ਼ੀ ਹੈ। ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਇਸ ਫ਼ੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚਾ ਪੰਜਾਬ ਦੇ ਸ਼ਲਿੰਦਰ ਕੰਬੋਜ, ਬੀ.ਐੱਡ. ਫਰੰਟ ਪੰਜਾਬ ਦੇ ਪਰਮਜੀਤ ਸਿੰਘ ਪੰਮਾ, ਈ.ਟੀ.ਯੂ. ਦੇ ਹਰਜੀਤ ਸਿੰਘ ਸਿੱਧੂ, ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ਦੇ ਲਖਵਿੰਦਰ ਸਿੰਘ ਸਿਮਕ, ਐੱਸ.ਸੀ./ਬੀ.ਸੀ. ਯੂਨੀਅਨ ਦੇ ਹਰਦੀਪ ਸਿੰਘ ਤੂਰ, 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੰਦੀਪ ਕੁਮਾਰ ਤੇ ਡੀ.ਟੀ.ਐੱਫ. ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਨੇ ਕਿਹਾ ਕਿ 253 ਅਧਿਆਪਕਾਂ ਨੂੰ ਸੇਵਾਵਾਂ ਤੋਂ ਫ਼ਾਰਗ ਕਰਨ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਅਤੇ ਭਵਿੱਖ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ ਪਰ ਹੁਣ ਪਹਿਲਾਂ ਤੋਂ ਨਿਯੁਕਤ ਅਧਿਆਪਕਾਂ ਦੀਆਂ ਨੌਕਰੀਆਂ ਖ਼ਤਮ ਕਰਨ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਡੀ.ਟੀ.ਐੱਫ. ਦੇ ਗੁਰਵਿੰਦਰ ਸਿੰਘ ਖੋਸਾ, ਅਮਿਤ ਸ਼ਰਮਾ, ਲਖਵਿੰਦਰ ਸਿੰਘ, ਸਵਰਨ ਸਿੰਘ ਜੋਸਨ, ਵਰਿੰਦਰਪਾਲ ਸਿੰਘ ਖਾਲਸਾ, ਬਿਕਰਮਜੀਤ ਉੱਪਲ, ਸੰਦੀਪ ਕੁਮਾਰ, ਕਿਰਪਾਲ ਸਿੰਘ ਤੇ ਬੀ.ਐੱਡ. ਫਰੰਟ ਦੇ ਕੁਲਦੀਪ ਸਿੰਘ ਨੇ ਕਿਹਾ ਕਿ ਜੇਕਰ ਭਰਤੀ ਪ੍ਰਕਿਰਿਆ ਵਿਚ ਕੋਈ ਖਾਮੀ ਰਹੀ ਹੈ ਤਾਂ ਇਸ ਲਈ ਜ਼ਿੰਮੇਵਾਰ ਕੰਪਨੀ ਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਬਜਾਏ ਨਿਯੁਕਤੀ ਪੱਤਰਾਂ ਦੇ ਆਧਾਰ ’ਤੇ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੂੰ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ? 6635 ਈ.ਟੀ.ਟੀ. ਯੂਨੀਅਨ ਦੇ ਆਗੂ ਸੰਦੀਪ ਕੁਮਾਰ, ਕੇਤਿਕ ਤੇ ਮਨੋਜ ਕੁਮਾਰ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਟਰਮੀਨੇਸ਼ਨ ਦੇ ਹੁਕਮ ਭੇਜਣਾ ਵੀ ਚਿੰਤਾ ਦਾ ਵਿਸ਼ਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਫ਼ੈਸਲਾ ਵਾਪਸ ਨਾ ਲਿਆ ਤਾਂ ਪ੍ਰਭਾਵਿਤ ਅਧਿਆਪਕਾਂ ਦੇ ਹੱਕ ਵਿਚ ਪੰਜਾਬ ਪੱਧਰ ’ਤੇ ਹੋਰ ਵਿਸ਼ਾਲ ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।