ਪੁਲਿਸ ਦੇ ਤਸ਼ੱਦਦ ਕਾਰਨ ਸੂਬਾ ਪੱਧਰੀ ਹਾਕੀ ਖਿਡਾਰੀ ਦੀ ਮੌਤ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਪਰਿਵਾਰ ਨੇ ਸ਼ੇਰਾਂ ਵਾਲਾ ਚੌਂਕ ਵਿਚ ਲਾਸ਼ ਰੱਖ ਕੇ ਲਗਾਇਆ ਧਰਨਾ
ਜ਼ੀਰਾ,27 ਨਵੰਬਰ (ਰਜਨੀਸ਼ ਕਥੂਰੀਆ)- 17 ਨਵੰਬਰ 2026 ਨੂੰ ਬਸਤੀ ਮਾਛੀਆਂ ਜ਼ੀਰਾ ਤੋਂ ਸ਼ੱਕ ਦੇ ਆਧਾਰ ’ਤੇ ਥਾਣਾ ਕੁੱਲਗੜੀ ਦੇ ਐਸ. ਐਚ.
ਜ਼ੀਰਾ,27 ਨਵੰਬਰ (ਰਜਨੀਸ਼ ਕਥੂਰੀਆ)- 17 ਨਵੰਬਰ 2026 ਨੂੰ ਬਸਤੀ ਮਾਛੀਆਂ ਜ਼ੀਰਾ ਤੋਂ ਸ਼ੱਕ ਦੇ ਆਧਾਰ ’ਤੇ ਥਾਣਾ ਕੁੱਲਗੜੀ ਦੇ ਐਸ.ਐਚ.ਓ. ਗੁਰਮੀਤ ਸਿੰਘ ਵਲੋਂ ਚੁੱਕ ਕੇ ਲੈ ਕੇ ਗਏ ਸੂਬਾ ਪੱਧਰ ਦੇ ਕਬੱਡੀ ਖਿਡਾਰੀ ’ਤੇ ਅੰਨਾ ਤਸ਼ੱਦਦ ਕੀਤੇ ਜਾਣ ਤੋਂ ਬਾਅਦ ਇਲਾਜ ਦੌਰਾਨ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ। ਜਿਸ ਤੋਂ ਬਾਅਦ ਰੋਸ ਵਿਚ ਆਏ ਪਰਿਵਾਰ ਨੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਸ਼ੇਰਾਂ ਵਾਲਾ ਚੌਂਕ ਜ਼ੀਰਾ ਵਿਖੇ ਧਰਨਾ ਲਗਾ ਦਿੱਤਾ ਅਤੇ ਇਸ ਸਬੰਧ ਵਿਚ ਜਿੰਮੇਵਾਰ ਐਸ.ਐਚ.ਓ. ਗੁਰਮੀਤ ਸਿੰਘ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਦੌਰਾਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਜ਼ੀਰਾ ਦੇ ਪ੍ਰਧਾਨ ਦਿਲਬਾਗ ਸਿੰਘ ਜ਼ੀਰਾ ਨੇ ਦੋਸ਼ ਲਗਾਇਆ ਕਿ ਥਾਣਾ ਕੁੱਲਗੜੀ ਦਾ ਐਸ. ਐਚ.ਓ.ਗੁਰਮੀਤ ਸਿੰਘ ਜੋ ਜਿੱਥੇ ਵੀ ਤਇਨਾਤ ਹੁੰਦਾ ਹੈ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ। ਉਸ ਨੇ ਦੋਸ਼ ਲਗਾਇਆ ਕਿ ਮਿਤੀ 17 ਨਵੰਬਰ ਨੂੰ ਦੁਪਹਿਰ ਬਾਅਦ ਕਰੀਬ 2 ਵਜੇ ਗੁਰਮੀਤ ਸਿੰਘ ਐਸ.ਐਚ.ਓ. ਜਸ਼ਨਦੀਪ ਸਿੰਘ (19) ਪੁੱਤਰ ਸਤਨਾਮ ਸਿੰਘ ਵਾਸੀ ਬਸਤੀ ਮਾਛੀਆਂ ਜੋ ਕਿ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਸਕੂਲ ਵਿਚ ਸੂਬਾ ਪੱਧਰ ਦਾ ਹਾਕੀ ਖਿਡਾਰੀ ਹੈ। ਉਸਨੇ ਦੱਸਿਆ ਕਿ ਜਸ਼ਨਦੀਪ ਜੋ ਕਿ ਬਹੁਤ ਹੀ ਸ਼ਰੀਫ ਅਤੇ ਕਿਸੇ ਤਰਾਂ ਦੀ ਕਿਸੇ ਵੀ ਸਮਾਜ ਵਿਰੋਧੀ ਸਰਗਰਮੀ ਵਿਚ ਸ਼ਾਮਿਲ ਨਹੀਂ ਹੈ ਅਤੇ ਨਾ ਹੀ ਕੋਈ ਨਸ਼ਾ ਕਰਦਾ ਹੈ ਨੂੰ ਪੁਲਿਸ ਪਾਰਟੀ ਸਮੇਤ ਚੁੱਕ ਕੇ ਲੈ ਗਿਆ। ਉਸ ਨੂੰ ਲਿਜਾਣ ਸਮੇਂ ਥਾਣਾ ਕੁੱਲਗੜੀ ਦੇ ਐਸ.ਐਚ.ਓ.ਗੁਰਮੀਤ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਅਜਿਹਾ ਨਾ ਕਰਨ ਲਈ ਬਹੁਤ ਵਾਸਤਾ ਪਾਇਆ, ਪਰ ਉਹ ਪਰਿਵਾਰਿਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੂੰ ਗੰਦੀਆਂ ਗਾਲਾਂ ਕੱਢਦਾ ਹੋਇਆ ਧੱਕੇ ਨਾਲ ਜਸ਼ਨਦੀਪ ਨੂੰ ਆਪਣੇ ਨਾਲ ਲੈ ਗਿਆ। ਦਿਲਬਾਗ ਸਿੰਘ ਨੇ ਦੋਸ਼ ਲਗਾਇਆ ਕਿ ਅਗਲੇ ਦਿਨ ਮੁਹੱਲੇ ਦਾ ਐਮ.ਸੀ.ਅਤੇ ਹੋਰ ਮੋਹਤਬਰ ਵਿਅਕਤੀ ਇਕੱਠੇ ਹੋ ਕੇ ਜਸ਼ਨਦੀਪ ਨੂੰ ਛੁਡਾਉਣ ਲਈ ਥਾਣਾ ਕੁੱਲਗੜੀ ਵਿਖੇ ਗਏ। ਜਿੱਥੇ ਪੁਲਿਸ ਨੇ ਜਸ਼ਨਦੀਪ ਉਹਨਾਂ ਨੂੰ ਸੌਂਪ ਦਿੱਤਾ, ਪਰ ਪੁਲਿਸ ਵਲੋਂ ਕੀਤੇ ਗਏ ਅੰਨੇ ਤਸ਼ੱਦਦ ਦੇ ਕਾਰਨ ਉਹ ਤੁਰਨ ਫਿਰਨ ਅਤੇ ਕੁਝ ਖਾਣ ਪੀਣ ਤੋਂ ਵੀ ਅਸਮਰੱਥ ਹੋ ਗਿਆ। ਉਸ ਨੇ ਦੋਸ਼ ਲਗਾਇਆ ਕਿ ਜਸ਼ਨਦੀਪ ਜੋ ਵੀ ਕੁਝ ਖਾਂਦਾ ਉਹ ਉਸ ਨੂੰ ਹਜਮ ਨਹੀਂ ਹੋ ਰਿਹਾ ਸੀ ਅਤੇ ਉਸ ਦੀ ਹਾਲਤ ਖਰਾਬ ਹੋਣ ਕਰਕੇ ਉਸ ਨੂੰ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਦਾਖਲ ਕਰਵਾ ਦਿੱਤਾ। ਜਿੱਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ। ਦਿਲਬਾਗ ਸਿੰਘ ਤੋਂ ਇਲਾਵਾ ਮਿਸਲ ਸਤਲੁਜ ਦੇ ਅਮਨਦੀਪ ਸਿੰਘ ਅਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਜਿੰਦਰ ਸਿੰਘ ਸਿੰਘ ਸੰਧੂ ਆਦਿ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਥਾਣਾ ਕੁੱਲਗੜੀ ਦਾ ਐਸ.ਐਚ.ਓ.ਗੁਰਮੀਤ ਸਿੰਘ ਪੁਲਿਸ ਦੀ ਵਰਦੀ ਵਿਚ ਇਕ ਗੁੰਡਾ ਵਿਅਕਤੀ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਜਿੱਥੇ ਵੀ ਇਹ ਡਿਊਟੀ ਤੇ ਤਾਇਨਾਤ ਹੁੰਦਾ ਹੈ, ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ ਅਤੇ ਉਹਨਾਂ ਅਤੇ ਅੰਨਾ ਤਸ਼ੱਦਦ ਕਰਨ ਦੇ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ। ਇਸ ਦੌਰਾਨ ਦਿਲਬਾਗ ਸਿੰਘ ਨੇ ਹਾਕੀ ਖੇਡਣ ਦੇ ਮਾਮਲੇ ਵਿਚ ਜਸ਼ਨਦੀਪ ਵਲੋਂ ਜਿਤੇ ਗਏ ਮੈਡਲ ਵੀ ਵਿਖਾਏ। ਇਸ ਦੌਰਾਨ ਉਹਨਾਂ ਇਸ ਮੌਤ ਲਈ ਜਿੰਮੇਵਾਰ ਐਸ.ਐਚ.ਓ. ਗੁਰਮੀਤ ਸਿੰਘ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਸਬੰਧ ਵਿਚ ਪੱਖ ਜਾਨਣ ਲਈ ਜਦੋਂ ਥਾਣਾ ਕੁੱਲਗੜੀ ਦੇ ਐਸ.ਐਚ.ਓ.ਗੁਰਮੀਤ ਸਿੰਘ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਹਨਾਂ ਨੇ ਫੋਨ ਅਟੈਂਡ ਨਹੀਂ ਕੀਤਾ। ਇਸੇ ਸੰਬੰਧ ਵਿਚ ਜਦੋਂ ਡੀ.ਐਸ.ਪੀ.ਜ਼ੀਰਾ ਸੰਜੀਵ ਕਪੂਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਐਸ ਐਚ.ਓ.ਗੁਰਮੀਤ ਸਿੰਘ ਵਲੋਂ ਤਸ਼ੱਦਦ ਕੀਤੇ ਜਾਣ ਕਰਕੇ ਜਸ਼ਨਦੀਪ ਦੀ ਮੌਤ ਦਾ ਮਾਮਲਾ ਉਹਨਾਂ ਦੇ ਧਿਆਨ ਵਿਚ ਆਇਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।