ਕਿਹਾ, ਮਨਰੇਗਾ ਸਕੀਮ ਨੂੰ ਕਿਸੇ ਵੀ ਹਾਲਤ 'ਚ ਖ਼ਤਮ ਨਹੀਂ ਕਰਨ ਦੇਵਾਂਗੇ
ਬਠਿੰਡਾ, 1 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਬੀਤੇ ਦਿਨੀਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਨਿਯੁਕਤ ਕੀਤੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਰਸਮੀ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ | ਸਥਾਨਕ ਕਾਂਗਰਸ ਭਵਨ ਵਿਖੇ ਇਕ ਸਾਦੇ ਪ੍ਰੋਗਰਾਮ ਦੌਰਾਨ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਉਨ੍ਹਾਂ ਦੀ ਤਾਜਪੋਸ਼ੀ ਕਰਦਿਆਂ ਕਾਂਗਰਸ ਭਵਨ 'ਚ ਸਥਾਪਿਤ ਉਨ੍ਹਾਂ ਦੇ ਦਫ਼ਤਰ 'ਚ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਉੱਪਰ ਬਿਰਾਜਮਾਨ ਕੀਤਾ | ਇਸ ਮੌਕੇ ਪ੍ਰੀਤਮ ਸਿੰਘ ਕੋਟਭਾਈ ਨੇ ਆਪਣੀ ਨਿਯੁਕਤੀ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ, ਸੰਸਦ ਮੈਂਬਰ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੂੰ ਜ਼ਿਲ੍ਹਾ ਬਠਿੰਡਾ 'ਚ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਦਿਨਾਂ 'ਚ ਨਵੀਂ ਰੂਪ ਰੇਖਾ ਤਿਆਰ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ 'ਚ ਅਗਲੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ, ਜਿਸ ਤਹਿਤ ਕਾਂਗਰਸ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਜ਼ਿਲ੍ਹਾ ਬਠਿੰਡਾ ਸਮੇਤ ਪੰਜਾਬ ਭਰ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਕੇਂਦਰ ਸਰਕਾਰ ਦੇ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਨਰੇਗਾ ਨੂੰ ਹੋਂਦ 'ਚ ਲਿਆ ਕੇ ਕਾਂਗਰਸ ਨੇ ਦੇਸ਼ ਭਰ ਦੇ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ, ਜਿਸ ਨੂੰ ਕਿਸੇ ਵੀ ਹਾਲਤ 'ਚ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਮਨਰੇਗਾ ਸਕੀਮ ਬਚਾਉਣ ਲਈ ਕਾਂਗਰਸ ਵਲੋਂ ਵਿੱਢੇ ਜਾਣ ਵਾਲੇ ਸੰਘਰਸ਼ 'ਚ ਮਜ਼ਦੂਰਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਬਠਿੰਡਾ ਸ਼ਹਿਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਜ਼ਿਲ੍ਹਾ ਉੱਪ-ਪ੍ਰਧਾਨ ਜਸ ਬੱਜੋਆਣਾ ਤੇ ਸੰਦੀਪ ਆਕਲੀਆ, ਹਰਲਾਲ ਸਿੰਘ, ਕਿ੍ਸ਼ਨ ਸਿੰਘ, ਭੋਲਾ ਸਿੰਘ ਭੈਣੀ, ਗੁਰਚਰਨ ਸਿੰਘ, ਅੰਗਰੇਜ਼ ਸਿੰਘ, ਸੁਖਦੀਪ ਸਿੰਘ ਤੇ ਮਨਜੀਤ ਸਿੰਘ (ਸਾਰੇ ਬਲਾਕ ਪ੍ਰਧਾਨ), ਕਿਸਾਨ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲਪੱਤੀ, ਐੱਸ. ਸੀ. ਵਿੰਗ ਦੇ ਚੇਅਰਮੈਨ ਸਰਦੂਲ ਸਿੰਘ ਗੋਬਿੰਦਪੁਰਾ, ਪ੍ਰਗਟ ਸਿੰਘ ਤੁੰਗਵਾਲੀ ਤੇ ਅਮਨਦੀਪ ਸਿੰਘ ਸਿਵੀਆਂ ਆਦਿ ਮੌਜੂਦ ਸਨ |
ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਬਠਿੰਡਾ ਦਿਹਾਤੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੰਭਾਲਿਆ
ਅਜੀਤ ਡੈਸਕ
02-01-2026