ਭੁੱਚੋ ਮੰਡੀ, 1 ਜਨਵਰੀ (ਪਰਵਿੰਦਰ ਸਿੰਘ ਜੌੜਾ)-ਪੰਜਾਬ ਸਰਕਾਰ ਵਲੋਂ ਪੱਤਰਕਾਰਾਂ ਤੇ ਸੋਸ਼ਲ ਮੀਡੀਆ ਕਾਰਕੁਨਾਂ ਸਮੇਤ 10 ਜਣਿਆਂ ਖ਼ਿਲਾਫ਼ ਥਾਣਾ ਸਿਟੀ ਲੁਧਿਆਣਾ ਦੇ ਸਾਈਬਰ ਸੈੱਲ ਵਿਖੇ ਪਰਚਾ ਦਰਜ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵਲੋਂ ਪੈੱ੍ਰਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਤੇ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ | ਜਥੇਬੰਦੀ ਦੇ ਸੂਬਾਈ ਚੇਅਰਮੈਨ ਬਲਬੀਰ ਜੰਡੂ, ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਤੇ ਸੂਬਾ ਸਕੱਤਰ ਜਨਰਲ ਸੰਤੋਖ ਗਿੱਲ ਨੇ ਕਿਹਾ ਕਿ ਬਠਿੰਡਾ ਜ਼ਿਲ੍ਹਾ ਯੂਨਿਟ ਦੇ ਪੈੱ੍ਰਸ ਸਕੱਤਰ ਮਨਦੀਪ ਸਿੰਘ ਮੱਕੜ, ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਆਰ. ਟੀ. ਆਈ. ਕਾਰਕੁਨਾਂ ਤੇ ਸੋਸ਼ਲ ਮੀਡੀਆ ਕਾਰਕੁੰਨਾਂ ਖ਼ਿਲਾਫ਼ ਲੁਧਿਆਣਾ ਸ਼ਹਿਰੀ ਸਾਈਬਰ ਕ੍ਰਾਈਮ ਪੁਲਿਸ ਵਲੋਂ ਦਰਜ ਕੀਤੇ ਕੇਸ ਖ਼ਿਲਾਫ਼ ਰੋਸ ਪ੍ਰਗਟ ਕੀਤਾ ਜਾਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਝੂਠੇ ਮਾਮਲੇ ਨੂੰ ਤੁਰੰਤ ਖ਼ਾਰਜ ਕਰਨ ਜਾਂ ਵਾਪਸ ਲੈਣ ਲਈ ਪੰਜਾਬ ਸਰਕਾਰ ਤੇ ਡਾਇਰੈਕਟਰ ਜਨਰਲ ਪੁਲਿਸ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ | ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ ਸੂਬਾ ਸਰਕਾਰ ਦੀ ਇਸ ਕਾਰਵਾਈ ਨੂੰ ਪੈੱ੍ਰਸ ਦੀ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਇਸ ਵਿਰੁੱਧ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਹੈ | ਜਥੇਬੰਦੀ ਨੇ ਇਸ ਸੰਬੰਧ 'ਚ ਸਾਰੇ ਜ਼ਿਲ੍ਹਾ, ਤਹਿਸੀਲ ਅਤੇ ਸਥਾਨਕ ਯੂਨਿਟਾਂ ਨੂੰ ਡਿਪਟੀ ਕਮਿਸ਼ਨਰਾਂ, ਐੱਸ. ਡੀ. ਐਮਜ਼ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਰਾਹੀਂ ਪੈੱ੍ਰਸ ਕੌਂਸਲ ਆਫ਼ ਇੰਡੀਆ, ਰਾਜਪਾਲ ਪੰਜਾਬ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਦੀ ਅਪੀਲ ਕੀਤੀ | ਓਧਰ ਸੰਬੰਧਿਤ ਪੱਤਰਕਾਰਾਂ ਨੇ ਆਪਣੀ ਜ਼ਮਾਨਤ ਨਾ ਕਰਾਉਣ ਦਾ ਫ਼ੈਸਲਾ ਕਰਦਿਆਂ ਸੂਬਾ ਸਰਕਾਰ ਨੂੰ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਦੀ ਸਿੱਧੀ ਚਿਤਾਵਨੀ ਦਿੱਤੀ ਹੈ |