ਬਠਿੰਡਾ, 1 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਰੀਜ਼ਾਂ ਦੀ ਜਾਨ ਬਚਾਉਣ ਵਿਚ 108 ਐਬੂਲੈਂਸ ਡਰਾਇਵਰ ਆਪਣਾ ਵੱਡਮੁੱਲਾ, ਮੁੱਢਲਾ ਤੇ ਅਹਿਮ ਰੋਲ ਅਦਾ ਕਰ ਰਹੇ ਹਨ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਨਵੇਂ ਸਾਲ ਦੀ ਖੁਸ਼ੀ ਸਾਂਝੀ ਕਰਦਿਆਂ ਸਰਕਾਰੀ ਸਿਹਤ ਸੇਵਾਵਾਂ ਵਿਚ ਕੰਮ ਕਰ ਰਹੇ 108 ਐਂਬੂਲੈਸਾਂ ਦੇ ਡਰਾਇਵਰਾਂ ਨੂੰ ਜੈਕਟਾਂ, ਬੂਟ, ਕੰਬਲ ਤੇ ਬਰਤਨਾਂ ਦੀਆਂ ਕਿੱਟਾਂ ਦੇ ਕੇ ਸਨਮਾਨਿਤ ਕਰਨ ਮੌਕੇ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਤਪਿੰਦਰਜੋਤ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਐਂਬੂਲੈਂਸ ਡਰਾਈਵਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਨ-ਰਾਤ, ਸਰਦੀ-ਗਰਮੀ ਦੀ ਪ੍ਰਵਾਹ ਕੀਤੇ ਬਿਨ੍ਹਾਂ, ਆਪਣਾ ਆਰਾਮ ਤਿਆਗ ਕੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਤੇ 24 ਘੰਟੇ ਲੋਕਾਂ ਦੀ ਜਾਨ ਬਚਾਉਣ ਲਈ ਮਰੀਜ਼ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਵਾਉਦੇ | ਉਨ੍ਹਾਂ ਇਹ ਵੀ ਕਿਹਾ ਕਿ ਉਹ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਸਮੇਂ-ਸਿਰ ਮੁੱਢਲੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਕੇ ਅਨੇਕਾਂ ਕੀਮਤੀ ਜਾਨਾਂ ਬਚਾ ਰਹੇ ਹਨ | ਡਾਕਟਰਾਂ ਵਾਂਗ 108 ਐਬੂਲੈਂਸ ਦੇ ਡਰਾਈਵਰ ਵੀ ਰੱਬ ਦਾ ਦੂਜਾ ਰੂਪ ਹਨ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿਥੇ ਡਰਾਈਵਰਾਂ ਦੀ ਸਮੱਸਿਆਵਾਂ ਨੂੰ ਸੁਣਿਆ ਉਥੇ ਹੀ ਉਨ੍ਹਾਂ ਕੋਲੋਂ ਮਰੀਜ਼ ਨੂੰ ਹੋਰ ਸੁਚੱਜੇ ਢੰਗ ਨਾਲ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਲਈ ਲੋੜੀਂਦੇ ਸੁਝਾਅ ਵੀ ਲਏ | ਇਸ ਦੌਰਾਨ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ 31 ਮਾਰਚ ਤੋਂ ਪਹਿਲਾ-ਪਹਿਲਾ ਹੋਰ ਐਬੂਲੈਂਸਾਂ ਵੀ ਜ਼ਰੂਰਤ ਅਨੁਸਾਰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ | ਇਸ ਦੌਰਾਨ ਡਰਾਈਵਰਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ |