ਬਠਿੰਡਾ, 2 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਆਮ ਆਦਮੀ ਪਾਰਟੀ (ਆਪ) ਦੇ ਐਕਸ ਇੰਪਲਾਈਜ਼ ਵਿੰਗ ਦੇ ਸੂਬਾ ਜਨਰਲ ਸਕੱਤਰ ਅਤੇ ਸਿੱਖਿਆ ਵਿਭਾਗ ਦੇ ਮਾਲਵਾ ਜੋਨ ਦੇ ਕੋਆਰਡੀਨੇਟਰ ਹਰਮੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਮਨਰੇਗਾ ਸਕੀਮ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਵਚਨਬਧ ਹੈ, ਜਿਸ ਲਈ ਹਰ ਸੰਘਰਸ਼ ਲੜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਨੂੰ ਖਤਮ ਕਰਨ ਲਈ ਇਕੱਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਹੀ ਨਹੀਂ ਸਗੋਂ ਸਮੇਂ-ਸਮੇਂ ਉਪਰ ਪੰਜਾਬ ਦੀ ਸੱਤਾ 'ਤੇ ਕਾਬਜ ਰਹੀਆਂ ਰਿਵਾਇਤੀ ਸਿਆਸੀ ਧਿਰਾਂ ਨੇ ਵੀ ਪੂਰਾ ਯੋਗਦਾਨ ਪਾਇਆ ਪਰ ਆਪ ਨੇ ਹਰ ਇਕ ਆਮ ਵਿਅਕਤੀ ਦੀ ਬਾਂਹ ਫੜੀ ਹੈ | ਹਰਮੰਦਰ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ਦਾ ਨਾਂਅ ਬਦਲਣ ਦੇ ਨਾਲ-ਨਾਲ ਇਸ ਸਕੀਮ 'ਚ ਆਪਣੀ ਹਿੱਸੇਦਾਰੀ 90 ਫੀਸਦੀ ਤੋਂ ਘਟਾ ਕੇ 60 ਫੀਸਦੀ ਅਤੇ ਰਾਜ ਸਰਕਾਰਾਂ ਦੀ ਹਿੱਸੇਦਾਰੀ 10 ਤੋਂ ਵਧਾ ਕੇ 40 ਫੀਸਦੀ ਕਰਨ ਨਾਲ ਜਿੱਥੇ ਰਾਜ ਸਰਕਾਰਾਂ 'ਤੇ ਵਾਧੂ ਵਿੱਤੀ ਬੋਝ ਪਾਇਆ, ਉੱਥੇ ਨਵੇਂ ਕਾਨੂੰਨ ਤਹਿਤ ਮਜ਼ਦੂਰਾਂ ਤੋਂ ਕੰਮ ਮੰਗਣ ਦਾ ਹੱਕ ਖੋਹ ਕੇ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਿਆ | ਬਰਾੜ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਬਚਾਉਣ ਲਈ ਜਿੱਥੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਮੁੱਢੋਂ ਰੱਦ ਕੀਤਾ ਹੈ, ਉੱਥੇ ਜ਼ਮੀਨੀ ਪੱਧਰ 'ਤੇ ਵੀ ਹਰ ਲੜਾਈ ਲੜੀ ਜਾਵੇਗੀ |
ਮਨਰੇਗਾ ਸਕੀਮ ਨੂੰ ਬਚਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ-ਹਰਮੰਦਰ ਸਿੰਘ ਬਰਾੜ <br/>
ਅਜੀਤ ਡੈਸਕ
03-01-2026