ਬਠਿੰਡਾ, 2 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਪੁਲਿਸ ਵਲੋਂ ਬੰਗੀ ਨਗਰ 'ਚ ਸਰਚ ਅਭਿਆਨ ਚਲਾਇਆ ਗਿਆ | ਇਸ ਦੌਰਾਨ ਜਿੱਥੇ ਵੱਡੀ ਗਿਣਤੀ 'ਚ ਪੁਲਿਸ ਨੇ ਕਈ ਸ਼ੱਕੀ ਘਰਾਂ ਦੀ ਤਲਾਸ਼ੀ ਲਈ, ਉੱਥੇ ਹੀ ਪੁਲਿਸ ਨੇ ਚਾਰ ਲੋਕਾਂ ਨੂੰ ਗਿ੍ਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ | ਇਸ ਦੌਰਾਨ ਪੁਲਿਸ ਨੇ ਨਸ਼ਾ ਕਰਨ ਵਾਲੇ 2 ਨੌਜਵਾਨਾਂ ਨੂੰ ਨਸ਼ਾ ਛੁਡਾਉਂਣ ਲਈ ਨਸ਼ਾ ਛੁਡਾਓ ਕੇਂਦਰ ਵਿਚ ਭਰਤੀ ਕਰਵਾਇਆ ਹੈ | ਇਸ ਸਰਚ ਅਭਿਆਨ ਦੌਰਾਨ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਐੱਸ.ਐੱਸ.ਪੀ ਅਮਨੀਤ ਕੌਂਡਲ, ਐੱਸ.ਪੀ ਜਸਮੀਤ ਸਿੰਘ ਸਾਹੀਵਾਲ ਤੋਂ ਇਲਾਵਾ ਚਾਰ ਡੀਐਸਪੀ ਸਮੇਤ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚੋਂ 161 ਦੇ ਕਰੀਬ ਮੁਲਾਜ਼ਮ ਹਾਜ਼ਰ ਹੋਏ | ਇਸ ਮੌਕੇ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਅਤੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ 'ਤੇ ਨੱਥ ਪਾਉਣ ਲਈ ਸ਼ਹਿਰ 'ਚ ਲਗਾਤਾਰ ਸਰਚ ਅਭਿਆਨ ਚਲਾਇਆ ਜਾਂਦਾ ਹੈ | ਇਸ ਸਰਚ ਅਭਿਆਨ ਦਾ ਮੁੱਖ ਮਕਸਦ ਬਠਿੰਡਾ ਪੁਲਿਸ ਸੁਰੱਖਿਆ ਅਤੇ ਨਸ਼ਾ ਮੁਕਤ ਸਮਾਜ ਯਕੀਨੀ ਬਣਾਉਣਾ ਹੈ | ਇਸੇ ਮੁਹਿੰਮ ਤਹਿਤ ਪੁਲਿਸ ਨੇ ਬੰਗੀ ਨਗਰ 'ਚ ਚਲਾਏ ਸਰਚ ਅਭਿਆਨ ਦੌਰਾਨ ਕਈ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਹੈ | ਇਸ ਦੌਰਾਨ ਪੁਲਿਸ ਨੇ ਚਾਰ ਲੋਕਾਂ ਨੂੰ ਗਿ੍ਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ 48 ਗ੍ਰਾਮ ਹੈਰੋਇਨ ਸਮੇਤ 8 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ ਹੈ | ਗਿ੍ਫ਼ਤਾਰ ਚਾਰ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਐੱਸ.ਐੱਸ.ਪੀ ਅਮਨੀਤ ਕੌਂਡਨ ਨੇ ਦੱਸਿਆ ਕਿ ਉਨ੍ਹਾਂ ਵਲੋਂ 2 ਨੌਜਵਾਨ ਜੋ ਕਿ ਨਸ਼ਾ ਕਰਨ ਦੇ ਆਦਿ ਸਨ, ਉਨ੍ਹਾਂ ਨੂੰ ਨਸ਼ਾ ਛੁਡਾਓ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ |